ਡਾ. ਕਿਰਪਾਲ ਸਿੰਘ ਨੇ ਸ਼ੇਰੇ-ਪੰਜਾਬ ਰਣਜੀਤ ਸਿੰਘ ਦੀ ਜਨਮ-ਭੂਮੀ ਗੁਜਰਾਂਵਾਲਾ (ਹੁਣ ਪਾਕਿਸਤਾਨ) ਵਿਖੇ 1924 ਈ: ਵਿਚ ਜਨਮ ਲਿਆ । ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਿਖ ਇਤਿਹਾਸ ਖੋਜ ਵਿਭਾਗ ਦੇ ਮੁਖੀ ਵਜੋਂ ਕਈ ਸਾਲ ਨਿਰੰਤਰ ਖੋਜ ਕਾਰਜ ਕਰ ਕੇ ਆਪ ਨੇ ਇਕ ਸਿਰੜੀ ਤੇ ਸੁਹਿਰਦ ਸਿਖ ਇਤਿਹਾਸਕਾਰ ਵਜੋਂ ਆਪਣੀ ਸਾਖ਼ ਬਣਾ ਲਈ ਸੀ । ਬਾਅਦ ਵਿਚ ਆਪ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾ-ਮੁਕਤ ਹੋਏ । ਜਨਮਸਾਖੀ ਸਾਹਿਤ ਤੇ ਸਿਖ ਇਤਿਹਾਸ ਦੇ ਫਾਰਸੀ ਸਰੋਤਾਂ ਨੂੰ ਵਿਗਿਆਨਕ ਢੰਗ ਨਾਲ ਸੰਪਾਦਿਤ ਕਰਨ ਤੋਂ ਇਲਾਵਾ ਆਪ ਨੇ ਪੰਜਾਬ ਦੇ ਬਟਵਾਰੇ ਸੰਬੰਧੀ ਪਰਮਾਣਿਕ ਖੋਜ ਕਾਰਜ ਕੀਤਾ ਹੈ । ਪੰਜਾਬੀ ਯੂਨੀਵਰਸਿਟੀ ਵਿਖੇ ਮੌਖਿਕ ਇਤਿਹਾਸ ਸੈੱਲ ਦਾ ਦਿਸ਼ਾ – ਨਿਰਦੇਸ਼ ਕਰ ਕੇ ਆਪ ਨੇ ਪੰਜਾਬ ਦੇ ਸਮਕਾਲੀ ਇਤਿਹਾਸ-ਲੇਖਣ ਦੇ ਕਾਰਜ ਦਾ ਪਿੜ ਮੋਕਲਾ ਕੀਤਾ ਹੈ ।ਇਸ ਸਮੇਂ ਆਪ ਜੀ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਖੋਜ-ਪੱਤਰ ਦਾ ਸੰਪਾਦਨ ਕਰ ਰਹੇ ਹਨ ।