ਇਸ ਪੁਸਤਕ ਦਾ ਖੇਤਰ ਪੰਜਾਬ ਦੇ ਬਟਵਾਰੇ ਦੇ ਕਾਰਨਾਂ ਦਾ ਨਿਰੀਖਣ ਕਰਨਾ, ਬਟਵਾਰੇ ਸਬੰਧੀ ਸਥਾਪਤ ਕੀਤੀਆਂ ਸੰਸਥਾਵਾਂ ਦਾ ਅਧਿਐਨ ਕਰਨਾ, ਬਟਵਾਰੇ ਪਿਛੋਂ ਆਬਾਦੀ ਦੇ ਦੇਸ ਤਿਆਗ ਦੇ ਕਾਰਨਾਂ ਅਤੇ ਬਟਵਾਰੇ ਦੇ ਆਮ ਤੁਰਤਅਸਰਾਂ ਤੇ ਵਿਚਾਰ ਕਰਨਾ ਹੈ। ਇਸ ਵਿਚ 11 ਅਧਿਆਇ ਹਨ। ਇਸ ਦੀ ਪਰਵੇਸ਼ਕਾ ਤੋਂ ਅੰਗਰੇਜ਼ਾਂ ਦੇ ਅਧੀਨ ਪੰਜਾਬ ਦੀ ਬਣਤਰ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਦੂਜੇ ਤੇ ਤੀਜੇ ਅਧਿਆਇ ਵਿਚ ਉਹਨਾਂ ਇਤਿਹਾਸਕ ਸ਼ਕਤੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਹਨਾਂ ਦੇ ਅਸਰ ਨਾਲ ਬਟਵਾਰੇ ਦਾ ਅਨੁਭਵ ਉਤਪਨ ਹੋਇਆ ਤੇ ਪਿਛੋਂ ਬਟਵਾਰਾ ਯੋਜਨਾ ਬਣੀ। ਚੌਥੇ, ਪੰਜਵੇਂ, ਛੇਵੇਂ ਤੇ ਸਤਵੇਂ ਅਧਿਆਇ ਉਹਨਾਂ ਵੱਖ-ਵੱਖ ਸੰਸਥਾਵਾਂ ਦੇ ਕੰਮਾਂ ਦੀ ਮੁਖ ਰੂਪ-ਰੇਖਾ ਉਲੀਕਦੇ ਹਨ ਜੋ ਪ੍ਰਾਂਤ ਦੇ ਬਟਵਾਰੇ ਲਈ ਸਥਾਪਤ ਕੀਤੀਆਂ ਗਈਆਂ। ਅਠਵਾਂ ਤੇ ਨਾਵਾਂ ਅਧਿਆਇ ਆਬਾਦੀ ਦੇ ਹੋਏ ਦੁਵੱਲੇ ਤਬਾਦਲੇ ਦੇ ਕਾਰਨਾਂ ਤੇ ਰੌਸ਼ਨੀ ਪਾਉਂਦੇ ਹਨ ਅਤੇ ਲਾਇਜੋਂ ਏਜੰਸੀ ਤੇ ਹੋਰ ਸਬੰਧਤ ਸੰਸਥਾਵਾਂ ਦੀ ਕਾਰਜਵਿਧੀ ਦਸਦੇ ਹਨ। ਦਸਵਾਂ ਅਧਿਆਇ ਪੰਜਾਬ ਦੇ ਬਟਵਾਰੇ ਦੇ ਫੌਰੀ ਅਸਰ ਨੂੰ ਦਸਦਾ ਹੈ ਤੇ ਅਖੀਰਲੇ ਵਿਚ ਕੁਝ ਸਿਟੇ ਕਢੇ ਗਏ ਹਨ।