ਪ੍ਰੋ: ਕਿਰਪਾਲ ਸਿੰਘ ਬਡੂੰਗਰ ( ਜਨਮ 14-1-1942) ਨੇ ਐਮ.ਏ. (ਅੰਗਰੇਜ਼ੀ) ਕਰ ਕੇ ਅਧਿਆਪਨ ਕਿੱਤਾ ਅਪਣਾਇਆ, ਪਰ ਅੰਦਰ ਛੁਪੇ ਲੀਡਰਸ਼ਿਪ ਦੇ ਗੁਣਾਂ ਸਦਕਾ ਆਪ ਜੀ ਰਾਜਨੀਤੀ ਵੱਲ ਖਿੱਚੇ ਗਏ । ਆਪ ਦੀ ਬੌਧਿਕ ਪ੍ਰਤਿਭਾ ਨੇ ਆਪ ਨੂੰ ਰਾਜਨੀਤੀ ਵਿਚ ਸਥਾਪਿਤ ਵੀ ਕਰਵਾਇਆ ਤੇ ਸਨਮਾਨਯੋਗ ਰੁਤਬਿਆਂ ਤਕ ਵੀ ਪੁਚਾਇਆ । ਡੂੰਘੇ ਧਾਰਮਿਕ ਸੰਸਕਾਰਾਂ ਵਾਲੇ ਪ੍ਰੋ: ਬਡੂੰਗਰ ਪੰਥਕ ਜਜ਼ਬੇ ਨਾਲ ਸਰਸ਼ਾਰ ਹਨ । ਆਪ ਜੀ ਅਕਾਲੀ ਮੋਰਚਿਆਂ ਵਿਚ ਜੇਲ੍ਹਾਂ ਵੀ ਕੱਟਦੇ ਰਹੇ । ਆਪ ਜੀ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਚੁਣੇ ਗਏ ਤੇ ਆਪ ਨੇ ਇਹ ਸੇਵਾ ਪੂਰਨ ਸਿਦਕ-ਦਿਲੀ ਤੇ ਈਮਾਨਦਾਰੀ ਨਾਲ ਨਿਬਾਹੀ ।
ਖੁਸ਼ਕਿਸਮਤੀ ਨਾਲ, ਬਹੁ-ਪੱਖੀ ਰਾਜਨੀਤਕ ਰੁਝੇਵਿਆਂ ਦੇ ਬਾਵਜੂਦ ਪ੍ਰੋ: ਸਾਹਿਬ ਨੇ ਆਪਣੀ ਅੰਦਰਲੀ ਬੌਧਿਕ ਤੇ ਮੌਲਿਕ ਪ੍ਰਤਿਭਾ ਨੂੰ ਜ਼ਿੰਦਾ ਰੱਖਿਆ ਹੈ । ਆਪ ਜੀ ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਭਖਦੇ ਮਸਲਿਆਂ ਸੰਬੰਧੀ ਆਪਣੇ ਲੇਖ ਬਾਕਾਇਦਾ ਪ੍ਰਕਾਸ਼ਿਤ ਕਰਵਾਂਦੇ ਰਹਿੰਦੇ ਹਨ । ਆਪ ਜੀ ਹਰ ਵਿਸ਼ੇ ਤੇ ਖੋਜ ਕਰ ਕੇ ਮੂਲ ਸਰੋਤਾਂ ਦੇ ਆਧਾਰ ਤੇ ਗੁਰਮਤਿ ਸਿਧਾਂਤਾਂ ਦੀ ਤਰਕ-ਸੰਗਤ ਵਿਆਖਿਆ ਕਰਦੇ ਹਨ, ਜਿਸ ਤੋਂ ਹਰ ਵਰਗ ਦਾ ਪਾਠਕ ਲਾਭ ਉਠਾ ਸਕਦਾ ਹੈ । ਆਪ ਜੀ ਦੀਆਂ ਪਹਿਲੀਆਂ ਪੁਸਤਕਾਂ ਗੁਰਮਤਿ ਵਿਚਾਰ ਤੇ ਸਿੱਖੀ ਜੀਵਨ, ਗੁਰਮਤਿ ਸਭਿਆਚਾਰ, ਜਿਨ੍ਹਾਂ ਧਰਮ ਨਹੀਂ ਹਾਰਿਆ ਅਤੇ ਜਿਨੀ ਸਚ ਪਛਾਣਿਆ ਨੂੰ ਹਰ ਵਰਗ ਦੇ ਪਾਠਕ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।