ਹਰ ਕਹਾਵਤ ਦੇ ਪਿੱਛੇ ਕੋਈ ਨਾ ਕੋਈ ਘਟਨਾ ਛੁਪੀ ਹੁੰਦੀ ਹੈ ਜਿਸ ਕਰਕੇ ਉਸ ਨੂੰ ਲੋਕਾਂ ਵਿਚ ਪ੍ਰਸਿੱਧਤਾ ਮਿਲਦੀ ਹੈ । ਪਰ ਹਰ ਸੱਚੀ ਘਟਨਾ ਵੀ ਕਹਾਵਤ ਨਹੀਂ ਬਣ ਸਕਦੀ । ਅਸੀਂ ਵੇਖਦੇ ਹਾਂ ਕਿ ਵਡੇਰਿਆਂ ਦੇ ਕਹੇ ਦੋਹੇ ਜਾਂ ਸ਼ਿਅਰ ਲੋਕਾਂ ਦੀ ਜ਼ੁਬਾਨ ਉੱਤੇ ਤਾਂ ਆ ਜਾਂਦੇ ਹਨ ਪਰ ਉਨ੍ਹਾਂ ਸਾਰਿਆਂ ਨੂੰ ਕਹਾਵਤਾਂ ਦਾ ਦਰਜਾ ਨਹੀਂ ਮਿਲਦਾ । ਕਈ ਕਹਾਵਤਾਂ ਸਚਾਈ ਤੋਂ ਕੋਹਾਂ ਦੂਰ ਹੁੰਦਿਆਂ ਵੀ ਅੰਧ-ਵਿਸ਼ਵਾਸ਼ ਦੇ ਮੋਢੇ ਚੜ੍ਹ ਕੇ ਸਦੀਆਂ ਤੋਂ ਲੋਕਾਂ ਵਿਚ ਬੋਲੀਆਂ ਅਤੇ ਸੁਣੀਆਂ ਜਾਂਦੀਆਂ ਹਨ । ਭਾਵੇਂ ਹਜ਼ਾਰਾਂ ਕਹਾਵਤਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਕਿਤਾਬ ਵਿਚ ਉਹੋ ਇਕ ਸੌ ਦੋ ਕਹਾਵਤਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਪਿਛੋਕੜ ਨਾਲ ਕੋਈ ਨਾ ਕੋਈ ਇਤਿਹਾਸਿਕ ਜਾਂ ਮਿਥਿਹਾਸਕ ਘਟਨਾ ਸਬੰਧਤ ਹੈ । ਇਹੋ ਇਸ ਪੁਸਤਕ ਦਾ ਵਾਧਾ ਹੈ ।