ਹਿੰਦੁਸਤਾਨ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਦੀਆਂ ਤੋਂ ਚਲਦੀ ਆ ਰਹੀ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਾਂਝ ਨੂੰ ਖ਼ਤਮ ਕਰਨ ਲਈ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਪਣਾਈ । ਉਹ ਜਾਣ ਗਏ ਸਨ ਕਿ ਜੇ ਇਹ ਦੋਵੇਂ ਕੌਮਾਂ ਇਕ ਮਿਕ ਰਹਿਆ ਤਾਂ ਅੰਗਰੇਜ਼ ਸਰਕਾਰ ਨੂੰ ਬਿਪਤਾ ਵਿਚ ਪਾਈਂ ਰੱਖਣਗੀਆਂ । ਇਸ ਨੀਤੀ ਤਹਿਤ ਉਨ੍ਹਾਂ ਨੇ ਹਿੰਦੁਸਤਾਨ ਦੇ ਅੱਠ ਸੌ ਸਾਲ ਦੇ ਇਤਿਹਾਸ ਨੂੰ ਵਿਗਾੜਿਆ । ਸਭ ਤੌਂ ਪਹਿਲਾ ਸਰਕਾਰ ਦੀ ਸਹਿ ’ਤੇ ਸਰ ਹੈਨਰੀ ਐਲੀਅਟ ਨੇ ਹਿੰਦੁਸਤਾਨ ਦੇ ਸੁਲਤਾਨਾਂ ਨੂੰ ਜ਼ਾਲਮ ਅਤੇ ਹਿੰਦੂ ਵਿਰੋਧੀ ਦਰਸਾਉਣ ਵਾਲਾ ਇਤਿਹਾਸ ਤਿਆਰ ਕਰਕੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਮਦਰਸਿਆਂ ਦੇ ਸਿਲੇਬਸ ਵਿਚ ਪੜ੍ਹਾਉਣਾ ਸ਼ੁਰੂ ਕੀਤਾ । ਇਸ ਤਰ੍ਹਾਂ ਉਹ ਹਿੰਦੁਸਤਾਨੀਆਂ ਦੀ ਨਵੀਂ ਪੀੜ੍ਹੀ ਵਿਚ ਪੁਆੜਾ ਪਾਉਣ ਵਿਚ ਕਾਮਿਯਾਬ ਹੋ ਗਏ । ਹਥਲੀ ਪੁਸਤਕ ਵਿਚ ਬਿਨਾਂ ਪੱਖਪਾਤ ਇਸ ਆਸ ਨਾਲ ਹਿੰਦੁਸਤਾਨ ਦੇ ਸੁਲਤਾਨਾਂ ਦਾ ਜੀਵਨ ਸ਼ੰਘਰਸ਼ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਠਕ ਇਸ ਨੂੰ ਪੜ੍ਹ ਕੇ ਆਪਣੇ ਮਾਜ਼ੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ।