ਜਿਨ ਪ੍ਰੇਮ ਕਿਓ ਵਿਚਲੇ ਲੇਖ ਜੀਵਨ ਲਈ ਉਮਾਹ ਪੈਦਾ ਕਰਦੇ ਹਨ । ਇਨ੍ਹਾਂ ਵਿਚ ਸੋਹਣਾ ਜੀਵਨ ਜੀਊਣ ਦੇ ਨਿੱਕੇ-ਨਿੱਕੇ ਟੋਟਕੇ ਹਨ । ਇਹ ਉੱਚੇ ਮੰਚ ਤੇ ਖਲੋ ਕੇ ਦਿੱਤੇ ਹੋਏ ਉਪਦੇਸ਼ਾਤਮਕ ਵਿਆਖਿਆਨ ਨਹੀਂ, ਬਲਕਿ ਜੀਵਨ ਦੇ ਸਦ-ਗੁਣਾਂ ਦੀ ਸਹਿਜ ਰੂਪ ਵਿਚ ਪੇਸ਼ਕਾਰੀ ਹੈ । ਇਨ੍ਹਾਂ ਲੇਖਾਂ ਵਿਚ ਸੰਜਮਤਾ ਹੈ, ਸਹਿਜ ਸੁਭਾਵਕਤਾ ਹੈ ਤੇ ਸ਼ੈਲੀ ਪੱਖੋਂ ਰਸ ਹੈ । ਇਹ ਲੇਖ ਜੀਵਨ ਦੇ ਖੰਡਿਤ ਅਨੁਭਵਾਂ ਦੀ ਅਭਿਵਿਅਕਤੀ ਨਹੀਂ, ਬਲਕਿ ਇਹ ਜੀਵਨ ਦੇ ਸਮੱਗਰ ਅਨੁਭਵ ਤੇ ਆਧਾਰਤ ਹਨ । ਇਨ੍ਹਾਂ ਵਿਚ ਜੀਵਨ ਦੇ ਆਰ-ਪਾਰ ਦਾ ਸੱਚ ਹੈ – ਉਹ ‘ਸੱਚ’ ਜੋ ਕਦੇ ਵੀ ਮਾਂਦਾ ਨਹੀਂ ਪੈਂਦਾ । ਇਸ ਸੰਗ੍ਰਹਿ ਵਿਚਲੇ ਲੇਖਾਂ ਦੀ ਪ੍ਰਕਿਰਤੀ ਭਾਵੇਂ ਧਾਰਮਿਕ-ਸਦਾਚਾਰਕ ਹੈ, ਪਰੰਤੂ ਇਨ੍ਹਾਂ ਵਿਚਲਾ ਸਾਹਿਤਕ ਸੁਆਦ ਕਿਤੇ ਵੀ ਪੇਤਲਾ ਨਹੀਂ ਹੁੰਦਾ । ਇਨ੍ਹਾਂ ਲੇਖਾਂ ਦਾ ਅਧਿਐਨ ਪਾਠਕ ਨੂੰ ਸੁਆਦ-ਸੁਆਦ ਕਰੀ ਸੋਹਣੇ ਜੀਵਨ ਲਈ ਨਿਉਂਦਾ ਦੇਣ ਵਾਸਤੇ ਮਜਬੂਰ ਕਰ ਦਿੰਦਾ ਹੈ ।