ਹਰਿੰਦਰ ਸਿੰਘ ਮਹਿਬੂਬ (ਜਨਮ 1-10-1937) ਨੇ ਨਨਕਾਣਾ ਸਾਹਿਬ ਤੋਂ ਸਿਰਫ਼ 10 ਮੀਲ ਦੂਰ ਪਿੰਡ 233 ਚੱਕ, ਜ਼ਿਲ੍ਹਾ ਲਾਇਲਪੁਰ ਵਿਖੇ ਪਹਿਲਾ ਸਾਹ ਲਿਆ । ਗੁਰੂ ਨਾਨਕ ਸਾਹਿਬ ਦੀ ਛੁਹ ਨਾਲ ਪਾਵਨ ਹੋਇਆ ਹਰ ਦ੍ਰਿਸ਼, ਉਸ ਧਰਤੀ ਦੇ ਬ੍ਰਿਛ-ਬੂਟੇ ਤੇ ਨਨਕਾਣਾ ਸਾਹਿਬ ਦਾ ਹਰ ਗੋਸ਼ਾ ਉਸਦੇ ਸਾਹਾਂ ਨਾਲ ਘੁਲ ਕੇ ਉਸਦੀ ਕਾਇਆਂ ਨਾਲ ਓਤ-ਪੋਤ ਹੁੰਦਾ ਰਿਹਾ । ਏਸੇ ਕਰਕੇ ਉਸਦੀ ਰੂਹ ਸਦੀਵੀ ਤੌਰ ਤੇ ਉਸ ਪਾਵਨ ਮਿੱਟੀ ਨਾਲ ਜੁੜੀ ਹੋਈ ਹੈ । ਐਮ.ਏ. (ਪੰਜਾਬੀ, ਅੰਗਰੇਜ਼ੀ) ਕਰਨ ਤੋਂ ਇਲਾਵਾ ਉਸਨੇ ਪੂਰਬ ਅਤੇ ਪੱਛਮ ਦੇ ਫਲਸਫੇ, ਸਾਹਿਤ ਅਤੇ ਕਈ ਹੋਰ ਇਲਮਾਂ ਦਾ ਗੰਭੀਰ ਅਧਿਐਨ ਕੀਤਾ । ਨਵੰਬਰ 1968 ਤੋਂ 30 ਸਤੰਬਰ 1997 ਤੱਕ ਉਹ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਅੰਗਰੇਜ਼ੀ ਪੜ੍ਹਾਉਂਦਾ ਰਿਹਾ ਹੈ । ਸਹਿਜੇ ਰਚਿਓ ਖਾਲਸਾ ਵਿਚ ਉਸਨੇ ਸਿੱਖ ਗੁਰੂ ਸਾਹਿਬਾਨ ਦੇ ਮਿਸ਼ਨ ਦੇ ਇਤਿਹਾਸਕ ਤੇ ਦਾਰਸ਼ਨਿਕ ਪੱਖ ਨੂੰ ਵਿਲੱਖਣ ਤੇ ਮੌਲਿਕ ਦੇ ਇਤਿਹਾਸਕ ਤੇ ਦਾਰਸ਼ਨਿਕ ਪੱਖ ਨੂੰ ਵਿਲੱਖਣ ਤੇ ਮੌਲਿਕ ਅੰਦਾਜ਼ ਵਿਚ ਪੇਸ਼ ਕਰ ਕੇ ਸਿੱਖ ਚਿੰਤਨ ਨੂੰ ਤਾਜ਼ਗੀ ਪ੍ਰਦਾਨ ਕੀਤੀ । 7 ਕਾਵਿ-ਪੁਸਤਕਾਂ ਦੇ ਸੰਗ੍ਰਹਿ ਝਨਾਂ ਦੀ ਰਾਤ ਉਪਰ 1991 ਵਿਚ ਉਸ ਨੂੰ ਸਾਹਿਤ ਅਕਾਦਮੀ ਦਾ ਐਵਾਰਡ ਵੀ ਮਿਲਿਆ । ਫਿਰ ਉਸ ਨੂੰ ਪੁਲੀਸ ਦੀਆਂ ਤੰਗੀਆਂ ਵੀ ਜਰਨੀਆਂ ਪਈਆਂ, ਪਰੰਤੂ ਸੱਚ ਨਾਲ ਖੜੋਣ ਦੇ ਉਸਦੇ ਦ੍ਰਿੜੇ ਸੰਕਲਪ ਦੀ ਲਾਜ ਪਾਲੀ ਗਈ ਤੇ ਉਹ ਅਗਨੀ ਪ੍ਰੀਖਿਆ ਚੋਂ ਸਾਬਤ ਕਦਮੀਂ ਪਾਸ ਹੋਇਆ ।
ਉਸ ਦਾ ਗਿਆਨ ਤੇ ਅਨੁਭਵ ਕਾਬਲੇ-ਰਸ਼ਕ ਹਨ । ਉਸ ਦੀ ਰੂਹ ਉੱਚੇ ਨਛੱਤਰੀਂ ਵਸਦੀ ਕਵਿਤਾ ਦੀ ਸੁੰਦਰਤਾਈ ਨਾਲ ਕਰਿੰਗੜੀਆਂ ਪਾਈ ਰੱਖਦੀ ਹੈ । ਦਰਵਾਸ਼ੀ ਸੁਭਾਅ ਵਾਲੇ ‘ਮਹਿਬੂਬ’ ਕਵੀ ਦੀ ਉਡਾਰੀ ਖੰਡਾਂ-ਬ੍ਰਹਿਮੰਡਾਂ ਵਿਚ ਵਿਆਪ ਰਹੇ ਅਮਰ ਸੱਚ ਨੂੰ ਸ਼ਬਦਾਂ ਰਾਹੀਂ ਸਾਕਾਰ ਕਰਨ ਦਾ ਕ੍ਰਿਸ਼ਮਾ ਕਰ ਵਿਖਾਉਂਦੀ ਹੈ । ਇਲਾਹੀ ਨਦਰ ਦੇ ਪੈਂਡੇ ਦੀਆਂ ਚਾਰ ਜਿਲਦਾਂ ਪੂਰੀਆਂ ਕਰਨਾ ਉਸਦੇ ਜੀਵਨ ਦਾ ਮਿਸ਼ਨ ਹੈ ਤੇ ਉਸਦਾ ਹਰ ਸਾਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਹੈ ।