ਬਾਲ ਵਿਸ਼ਵਕੋਸ਼ ਪੰਜਾਬੀ ਭਾਸ਼ਾ ਵਿਚ ਆਪਣੀ ਕਿਸਮ ਦਾ ਪਹਿਲਾ ਵਿਸ਼ਵਕੋਸ਼ ਹੈ ਜਿਹੜਾ ਪੰਜਾਬੀ ਬਾਲ ਮਨ ਨੂੰ ਅਜੋਕੇ ਯੁੱਗ ਦੇ ਹਾਣ ਬਣਾਉਣ ਲਈ ਲੋੜੀਂਦੇ ਗਿਆਨ ਦੀ ਪਛਾਣ ਅਤੇ ਸ੍ਰੋਤ ਸਮਗਰੀ ਲੈ ਕੇ ਆਇਆ ਹੈ। ਇਹ ਵਿਸ਼ਵਕੋਸ਼ ਬਾਲਾਂ ਲਈ ਹੈ ਪਰ ਬਾਲ ਸਾਹਿਤ ਪ੍ਰਤਿ ਪ੍ਰਚਲਿਤ ਆਮ ਧਾਰਨਾ ਵਾਂਗ ਇਸ ਕੋਸ਼ ਦਾ ਮਨੋਰਥ ਨਾ ਬਾਲਾਂ ਨੂੰ ਮਨੋਰੰਜਨ ਪ੍ਰਦਾਨ ਕਰਨਾ ਹੈ ਅਤੇ ਨਾ ਹੀ ਉਹਨਾਂ ਨੂੰ ਉਪਦੇਸ਼ ਦੇਣਾ ਹੈ। ਇਸ ਕੋਸ਼ ਦਾ ਮੰਤਵ ਤਾਂ ਬਾਲ ਮਨ ਵਿਚ ਜੀਵਨ ਅਤੇ ਜਗਤ ਪ੍ਰਤਿ ਦਿਲਚਸਪੀ ਜਗਾਉਣਾ, ਆਲੇ-ਦੁਆਲੇ ਦੇ ਵਸਤਾਂ-ਵਰਤਾਰਿਆਂ ਨੂੰ ਵੇਖਣ ਦੀ ਸੂਝ ਪੈਦਾ ਕਰਨਾ, ਜਾਗੀ ਉਤਸੁਕਤਾ ਨੂੰ ਪ੍ਰਮਾਣਿਕ ਜਾਣਕਾਰੀ ਨਾਲ ਪੁਸ਼ਟ ਕਰਨਾ ਅਤੇ ਹੋਰ ਬਹੁਤ ਕੁਝ ਜਾਣਨ ਦੀ ਜਾਗ ਲਾਉਣਾ ਹੈ। ਬਾਲ ਵਿਸ਼ਵਕੋਸ਼ ਦੇ ਤੀਸਰੇ ਭਾਗ ਵਿਚ ਵੱਖ-ਵੱਖ ਖੇਤਰਾਂ ਦੀਆਂ ਉੱਘੀਅ ਸ਼ਖਸੀਅਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਉਦੈ ਸ਼ੰਕਰ, ਅਜਮੇਰ ਔਲਖ, ਅਮੀਰ ਖੁਸਰੋ, ਅਰਸਤੂ, ਜਗਦੀਸ਼ ਫਰਿਆਦੀ, ਅੱਲਾ ਰੱਖਾ ਖਾਂ, ਐਸ.ਆਰ. ਰੰਗਾਨਾਥਨ, ਇਬਰਾਹੀਮ ਅਲਕਾਜ਼ੀ, ਈਸ਼ਵਰ ਚੰਦਰ ਨੰਦਾ, ਸ਼ੀਲਾ ਭਾਟੀਆ, ਆਤਮਜੀਤ, ਸੁਰਜੀਤ ਸਿੰਘ ਸੇਠੀ, ਸੈਮੂਅਲ ਬੈਕੇਟ, ਹਰਪਾਲ ਟਿਵਾਣਾ ਅਤੇ ਹੋਰ ਅਨੇਕਾਂ ਮਾਨਯੋਗ ਹਸਤੀਆਂ ਬਾਰੇ ਵੇਰਵੇ ਦਰਜ ਹਨ। ਇਸ ਵਿਚ ਪੌਪ ਸੰਗੀਤ, ਫਿਲਮੀ ਸੰਗੀਤ, ਸੰਮੀ, ਸਰਕਸ, ਭੰਗੜਾ, ਗ਼ਜ਼ਲ ਗਾਇਕੀ ਬਾਰੇ ਇੰਦਰਾਜ ਦਰਜ ਹਨ। ਵੱਖ-ਵੱਖ ਸੂਬਿਆਂ ਬਾਰੇ ਭਾਵਪੂਰਤ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਚਿੱਤਰ-ਕਲਾ ਦੀਆਂ ਬਰੀਕੀਆਂ ਨੂੰ ਬਹੁਤ ਬਰੀਕਬੀਨੀ ਨਾਲ ਦਰਸਾਇਆ ਗਿਆ ਹੈ, ਅਜੰਤਾ, ਕਾਲੀਘਾਟ, ਪਹਾੜੀ ਸਿੱਖ ਅਤੇ ਸਿੱਖ ਚਿਤਰ-ਕਲਾ ਬਾਰੇ ਡੂੰਘੇਰੀ ਜਾਣਕਾਰੀ ਦਿੱਤੀ ਗਈ ਹੈ। ਮੂਰਤੀ ਕਲਾ ਬਾਰੇ ਯਥਾਯੋਗ ਵਰਣਨ ਕੀਤਾ ਗਿਆ ਹੈ।