ਬਾਲ ਵਿਸ਼ਵਕੋਸ਼ ਪੰਜਾਬੀ ਭਾਸ਼ਾ ਵਿਚ ਆਪਣੀ ਕਿਸਮ ਦਾ ਪਹਿਲਾ ਵਿਸ਼ਵਕੋਸ਼ ਹੈ ਜਿਹੜਾ ਪੰਜਾਬੀ ਬਾਲ ਮਨ ਨੂੰ ਅਜੋਕੇ ਯੁੱਗ ਦੇ ਹਾਣ ਬਣਾਉਣ ਲਈ ਲੋੜੀਂਦੇ ਗਿਆਨ ਦੀ ਪਛਾਣ ਅਤੇ ਸ੍ਰੋਤ ਸਮਗਰੀ ਲੈ ਕੇ ਆਇਆ ਹੈ। ਇਹ ਵਿਸ਼ਵਕੋਸ਼ ਬਾਲਾਂ ਲਈ ਹੈ ਪਰ ਬਾਲ ਸਾਹਿਤ ਪ੍ਰਤਿ ਪ੍ਰਚਲਿਤ ਆਮ ਧਾਰਨਾ ਵਾਂਗ ਇਸ ਕੋਸ਼ ਦਾ ਮਨੋਰਥ ਨਾ ਬਾਲਾਂ ਨੂੰ ਮਨੋਰੰਜਨ ਪ੍ਰਦਾਨ ਕਰਨਾ ਹੈ ਅਤੇ ਨਾ ਹੀ ਉਹਨਾਂ ਨੂੰ ਉਪਦੇਸ਼ ਦੇਣਾ ਹੈ। ਇਸ ਕੋਸ਼ ਦਾ ਮੰਤਵ ਤਾਂ ਬਾਲ ਮਨ ਵਿਚ ਜੀਵਨ ਅਤੇ ਜਗਤ ਪ੍ਰਤਿ ਦਿਲਚਸਪੀ ਜਗਾਉਣਾ, ਆਲੇ-ਦੁਆਲੇ ਦੇ ਵਸਤਾਂ-ਵਰਤਾਰਿਆਂ ਨੂੰ ਵੇਖਣ ਦੀ ਸੂਝ ਪੈਦਾ ਕਰਨਾ, ਜਾਗੀ ਉਤਸੁਕਤਾ ਨੂੰ ਪ੍ਰਮਾਣਿਕ ਜਾਣਕਾਰੀ ਨਾਲ ਪੁਸ਼ਟ ਕਰਨਾ ਅਤੇ ਹੋਰ ਬਹੁਤ ਕੁਣ ਜਾਣਨ ਦੀ ਜਾਗ ਲਾਉਣਾ ਹੈ। ਬਾਲ ਵਿਸ਼ਵਕੋਸ਼ ਦਾ ਇਹ ਭਾਗ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਹੈ। ਇਹ ਭਾਗ ਦੁਨੀਆ ਦੇ ਪ੍ਰਮੁਖ ਸਾਹਿਤਕਾਰਾਂ, ਚਿੰਤਕਾਂ, ਸਾਹਿਤਿਕ ਰਚਨਾਵਾਂ, ਧਾਰਾਵਾਂ ਬਾਰੇ ਹੀ ਨਹੀਂ, ਭਾਸ਼ਾਈ ਸੰਚਾਰ ਅਤੇ ਸਾਹਿਤ ਇਤਿਹਾਸ ਦੇ ਸਾਰੇ ਮੁੱਖ ਸੰਕਲਪਾਂ, ਵਰਤਾਰਿਆਂ ਅਤੇ ਰੁਝਾਨਾਂ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਪੰਜਾਬੀ ਸੱਭਿਆਚਾਰ ਦੇ ਸਾਰੇ ਹੀ ਨਿਆਰੇ ਪਹਿਲੂ ਆਪਣੀ ਨਿੱਖੜਵੀਂ ਪਛਾਣ ਸਮੇਤ ਵਿਚਾਰੇ ਗਏ ਹਨ। ਪੰਜਾਬੀ ਵਸੇਬੇ ਦੀਆਂ ਸਾਰੀਆਂ ਲੋਕ ਪਰੰਪਰਾਵਾਂ, ਕਲਾਵਾਂ, ਧਰਮਾਂ, ਧੰਦਿਆਂ, ਵਿਸ਼ਵਾਸਾਂ, ਰਿਵਾਜਾਂ, ਖੇਡਾਂ, ਰੀਤਾਂ, ਰਸਮਾਂ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਉਪਲਬਧ ਕਰਵਾਈ ਗਈ ਹੈ ਤਾਂ ਕਿ ਪੰਜਾਬੀ ਬਾਲ ਮਨ ਆਪਣੇ ਸੱਭਿਆਚਾਰਿਕ ਅਵਚੇਤਨ ਨਾਲ ਡੂੰਘੀ ਸਾਂਝ ਬਣਾ ਸਕੇ। ਪੰਜਾਬੀ ਜਗਤ ਪੰਜਾਬੀ ਬਾਲਾਂ ਦੇ ਮਨੋ-ਸੰਸਾਰ, ਗਿਆਨ-ਭੰਡਾਰ ਅਤੇ ਬੌਧਿਕ ਮਿਆਰ ਦੇ ਵਿਸਤਾਰ ਲਈ ਇਹ ਕੋਸ਼ ਵਿਸ਼ੇਸ਼ ਲਾਭਦਾਇਕ ਹੈ।