‘ਅਕੀਦਤ’ ਵਾਰਤਾ ਹੈ ਓਸ ਮੰਡਲ ਦੀ ਜਿੱਥੇ ਨਾਚ ਹੁੰਦਾ ਹੈ ਰੂਹਾਂ ਦਾ ਬਗੈਰ ਕਿਸੇ ਤਾਲ ਤੋਂ । ਸਾਹਾਂ ਦੀ ਚਾਲ ਤੇ ਧੜਕਣ ਦੀ ਤਾਲ ਵੀ ਅਕੀਦਤ ਹੀ ਹੈ । ਉਹ ਅਕੀਦਤ ਦਾ ਸਿਖਰ ਹੀ ਤਾਂ ਸੀ ਜਿਸਦੀ ਓਟ ਵਿੱਚ ਸੂਲੀਆਂ ਸੇਜ ਹੋ ਗਈਆਂ ਤੇ ਸਲੀਬਾਂ ਬਿਸਤਰ । ਇਹ ਕਿਤਾਬ ਵੀ ਅਕੀਦਤ ਹੀ ਹੈ ਸ਼ਰਧਾ ਹੀ ਹੈ । ਸ਼ਰਧਾ ਉਹਨਾਂ ਪਵਿੱਤਰ ਰੂਹਾਂ, ਨਬੀਆਂ, ਫ਼ਕੀਰਾਂ ਤੇ ਆਸ਼ਕਾਂ ਦੇ ਚਰਨਾਂ ਵਿੱਚ ਜਿਹਨਾਂ ਦੇ ਵਾਕ ਅਜ਼ਲ ਤੋਂ ਕਾਇਨਾਤ ਦੀ ਫਿਜ਼ਾ ਵਿੱਚ ਤੈਰਦੇ ਨੇ । ਬੱਸ ਅਜਿਹਾ ਹੀ ਕਮਾਲ ਹੈ ਕਵਿਤਾ ਦਾ ਜੋ ਤੁਹਾਡੀ ਰੂਹ ਦੀ ਰੌਸ਼ਨੀ ਨੂੰ ਹੋਰ ਪੁਰਨੂਰ ਕਰ ਦਿੰਦਾ ਹੈ ।