ਸ੍ਵੈ-ਪੂਰਨਤਾ ਦਾ ਇਸ਼ਕ ਪੂਰਨ ਵਿਸ਼ਾਲ ਬਿਨਾਂ ਸਤੁੰਸ਼ਟ ਨਹੀਂ ਹੁੰਦਾ, ਪੂਰਨ ਵਿਸ਼ਾਲ ਪੂਰਨ ਜ਼ਿੰਦਗੀ ਨਾਲ ਬਗ਼ਲਗੀਰ ਹੋਣਾ ਹੈ । ਇਹ ਉਹ ਸਵਰਗੀ ਇਕ-ਸੁਰਤਾ ਹੈ, ਜਿਸ ਵਿਚ ਪਸ਼ੂ, ਪੰਛੀ, ਇਨਸਾਨ, ਚੰਨ, ਸੂਰਜ, ਤਾਰੇ ਕਿਸੇ ਮਹਾਨ ਰਾਗਣੀ ਦਾ ਤਰਾਨਾ ਸੁਣੇ ਜਾਂਦੇ ਹਨ । ਕੋਈ ਆਪਣਾ ਨਹੀਂ ਰਹਿੰਦਾ, ਕੋਈ ਬੇਗਾਨਾ ਨਹੀਂ ਦਿੱਸਦਾ – ਜ਼ਿੰਦਗੀ ਸੁਹਣੀ ਲੱਗਦੀ ਹੈ, ਮੌਤ ਘਟ ਪਿਆਰੀ ਨਹੀਂ ਲੱਗਦੀ । ਨਰਕ ਬੁਰਾਈ ਤੋਂ ਡਰਾ ਸਕਦਾ ਹੈ – ਪਰ ਸ੍ਵੈ ਪੂਰਨਤਾ ਦੀ ਲਗਨ ਵਿਚ ਨਾਂ ਲਾਲਚ ਤੇ ਨਾਂ ਡਰ ਰਹਿੰਦਾ ਹੈ । ਸ੍ਵੈ-ਪੂਰਨਤਾ ਚੰਗੇ ਸਾਥੀਆਂ ਦੀ ਮੰਗ ਕਰਦੀ ਹੈ – ਚੰਗੇ ਸਾਥੀ ਚੰਗੀ ਜ਼ਿੰਦਗੀ ਵਿਚੋਂ ਪੈਦਾ ਹੁੰਦੇ ਹਨ, ਏਸ ਲਈ ਸਰਬੱਤ ਦੇ ਭਲੇ ਦੀ ਜ਼ਬਰ ਦਸਤ ਇੱਛਾ ਸ੍ਵੈ-ਪੂਰਨਤਾ ਦੀ ਲਗਨ ਦਾ ਜ਼ਰੂਰੀ ਭਾਗ ਬਣ ਜਾਂਦੀ ਹੈ ।