ਸ੍ਰੀ ਗੁਰ ਪੰਥ ਪ੍ਰਕਾਸ਼ 18ਵੀਂ ਸਦੀ ਦੇ ਸਿੱਖ ਇਤਿਹਾਸ ਲਈ ਇਕ ਮੁੱਢਲਾ ਸ੍ਰੋਤ ਹੈ, ਜੋ ਸਿੱਖ ਪੰਥ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਨਜ਼ਰੀਏ ਨੂੰ ਸਮਝਣ ਲਈ ਅਣਗੌਲਿਆ ਨਹੀਂ ਕੀਤਾ ਜਾ ਸਕਦਾ । ਭਾਈ ਵੀਰ ਸਿੰਘ ਅਨੁਸਾਰ “ਜਿਤਨੇ ਪੰਥ ਪ੍ਰਕਾਸ਼, ਇਤਿਹਾਸ, ਤਵਾਰੀਖਾਂ, ਸ਼ਹੀਦ ਗੰਜ, ਸ਼ਹੀਦੀ ਪ੍ਰਸੰਗ ਤੇ ਸਿੱਖਾਂ ਦੇ ਹਾਲਾਤ ਨਵੇਂ ਰੂਪਾਂ ਵਿਚ ਛਪੇ, ਓਹ ਯਾ ਤਾਂ ਸਾਰੇ ਯਾ ਬਹੁਤੇ ਇਸੇ ਲੁਕੇ ਪਏ ਖ਼ਜ਼ਾਨੇ ਤੋਂ ਆਪਣਾ ਭੰਡਾਰ ਭਰ ਕੇ ਪ੍ਰਗਟ ਹੁੰਦੇ ਰਹੇ ਜਾਪਦੇ ਹਨ ।” ਹੱਥਲੇ ਸੰਸਕਰਣ ਰਾਹੀਂ ਪਹਿਲੀ ਵੇਰ ਉਪਲਬਧ ਹੱਥ-ਲਿਖਤ ਖਰੜਿਆਂ ਦੇ ਮਿਲਾਨ ਉਪਰੰਤ ਇਕ ਪ੍ਰਮਾਣਿਕ ਪਾਠ ਡਾ. ਬਲਵੰਤ ਸਿੰਘ ਢਿਲੋਂ ਵਲੋਂ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੁ ਇਸ ਇਤਿਹਾਸਕ ਸਰੋਤ ਦਾ ਮਹੱਤਵ ਕਾਇਮ ਰਹਿ ਸਕੇ ।