ਇਹ ਨਾਵਲ ਲੇਖਕ ਨੇ ਗਭਰੂਟਾਂ ਵਾਸਤੇ ਲਿਖਿਆ ਸੀ; ਜਿਸ ਦਾ ਸਮਾਂ ਸਤ ਅੱਠ ਹਜ਼ਾਰ ਸਾਲ ਪੁਰਾਣਾ ਮਿਥਿਆ ਸੀ । ਇਸ ਨਾਵਲ ਨੂੰ ਵੀ ਉਸ ਲੜੀ ਦਾ ਹੀ ਸਮਝਣਾ ਚਾਹੀਦਾ ਹੈ । ਇਸ ਨੂੰ ਬਾਰਾਂ ਚੌਦਾਂ ਵਰ੍ਹਿਆਂ ਦੇ ਬੱਚਿਆਂ ਵਾਸਤੇ ਉਸਾਰਿਆ ਹੈ । ਇਸ ਦਾ ਸਮਾਂ ਅੰਦਾਜ਼ੇ ਨਾਲ ਪੰਜ ਛੇ ਹਜ਼ਾਰ ਸਾਲ ਪੁਰਾਣਾ ਹੋ ਸਕਦਾ ਹੈ । ਮਨੁੱਖ ਦਾ ਸਮਾਜੀ ਵਿਕਾਸ ਧਰਤੀ ਉਤੇ ਇਕਸਾਰ ਨਹੀਂ ਹੋਇਆ । ਅੱਜ ਜਦੋਂ ਮਨੁੱਖ ਤਰੱਕੀ ਕਰ ਕੇ ਐਟਮ ਜੁਗ ਵਿਚ ਆ ਗਿਆ ਹੇ; ਦੂਜੇ ਪਾਸੇ ਪਿਛੜੇਪਨ ਦਾ ਇਹ ਹਾਲ ਐ ਕਿ ਨਿਉਗਿਨੀ ਅਤੇ ਅਫਰੀਕਾ ਦੇ ਬਹੁਤ ਸਾਰੇ ਜੰਗਲਾਂ ਵਿੱਚ ਕਬੀਲਿਆਂ ਦਾ ਹੀ ਜੁਗ ਚਲ ਰਿਹਾ ਹੈ । ਲੇਖਕ ਨੇ ਇਸ ਨਾਵਲ ਨੂੰ ਧਾਤ ਜੁਗ ਦੇ ਸ਼ੁਰੂ ਵਿਚ ਰੱਖਿਆ ਹੈ; ਜਦੋਂ ਲੋਹਾ ਪਿਘਲਾ ਕੇ ਨਿਖਾਰਿਆ ਨਹੀਂ ਗਿਆ ਸੀ । ਕੇਵਲ ਤਾਂਬੇ, ਪਿੱਤਲ ਤੇ ਰਲੀਆਂ ਮਿਲੀਆਂ ਧਾਤਾਂ ਦੇ ਹਥਿਆਰ, ਸੰਦ ਅਤੇ ਭਾਂਡੇ ਢਾਲੇ ਜਾਂਦੇ ਸਨ ।