ਈਸ਼ਵਰ ਦੀ ਇਸ ਨਿਯਮਾਵਲੀ ਨੂੰ ਸਮਝਦਿਆਂ ਹੋਇਆਂ, ‘ਸ੍ਰੀ ਗੁਰੂ ਨਾਨਕ ਦੇਵ ਜੀ’ ਅਤੇ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਨੇ ਪੰਥ ਦੀ ਸਾਜਨਾ ਕੀਤੀ ਅਤੇ ਉਹ ਦੋ ਰੰਗੀ ਹੈ, ਯਕ ਰੰਗੀ ਨਹੀਂ । ਇਹੀ ਕਾਰਣ ਹੈ ਕਿ ਸਿੱਖ ਕੌਮ ਸਾਰੀ ਦੁਨੀਆ ਵਿਚ ਦੋ ਨਾਵਾਂ ਨਾਲ ਜਾਣੀ ਜਾਂਦੀ ਹੈ, ਇੱਕ ਸਿੱਖ ਅਤੇ ਇਕ ਸਿੰਘ । ਇਹ ਦੋ ਰੂਪ ਨੇ । ਸਿੱਖ ਸੂਖਸ਼ਮ ਹੈ ਅਤੇ ਸਿੰਘ ਅਸਥੂਲ ਹੈ । ਸਿੱਖ ਆਤਮਾ ਹੈ ਅਤੇ ਸਿੰਘ ਸਰੀਰ ਹੈ । ਸਿੱਖ ਨਿਰਗੁਣ ਅਤੇ ਸਿੰਘ ਸਰਗੁਣ ਹੈ । ਇਸ ਪੁਸਤਕ ਵਿਚ ਜੋ ਦੂਸਰੇ ਵਿਸ਼ੇ ਲਏ ਗਏ, ਉਹ ਹਨ, ‘ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ’ , ਬੋਲਣਾ ਤੇ ਮੋਨ ਧਾਰਨ ਕਰਨਾ । ਪੁਸਤਕ ਦੇ ਅੰਤ ਵਿਚ ਮਸਕੀਨ ਜੀ ਦੁਆਰਾ 12 ਸਵਾਲਾਂ ਦੇ ਜਵਾਬ ਦਿੱਤੇ ਹਨ ਤਾਕਿ ਆਮ ਜਗਿਆਸੂ ਖਾਹ ਮਖਾਹ ਦੇ ਭਰਮਾਂ ਭੁਲੇਖਿਆਂ ਵਿਚ ਨਾ ਪਇਆ ਰਹੇ ਅਤੇ ਪੂਰੀ ਦ੍ਰਿੜਤਾ ਨਾਲ ਨਾਮ ਜਪ ਕੇ ਪ੍ਰਭੂ ਵਿਚ ਲੀਨ ਹੋ ਸਕੇ ।