ਇਹ ਖੋਜ-ਰਚਨਾ ਸਾਕਾ ਸ੍ਰੀ ਨਨਕਾਣਾ ਸਾਹਿਬ (20 ਫ਼ਰਵਰੀ, 1921) ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਸਮੁੱਚੇ ਵਾਕਿਆਤ ਦਾ ਬਿਓਰਾ ਵੀ ਪੇਸ਼ ਕਰਦੀ ਹੈ ਅਤੇ ਇਸ ਸਾਕੇ ਦੇ ਪੰਥ ਅਤੇ ਰਾਜਨੀਤੀ ’ਤੇ ਪਏ ਪ੍ਰਭਾਵ, ਜ਼ਿੰਮੇਵਾਰ ਵਿਅਕਤੀਆਂ ਦੀ ਭੂਮਿਕਾ, ਮੁਕੱਦਮੇ ਦੀ ਕਾਰਵਾਈ ਅਤੇ ਅਦਾਲਤੀ ਫ਼ੈਸਲਿਆਂ ਬਾਰੇ ਤੱਥ-ਮੂਲਕ ਜਾਣਕਾਰੀ ਵੀ ਮੁਹੱਈਆ ਕਰਵਾਉਂਦੀ ਹੈ । ਸਮਕਾਲੀ ਅਖ਼ਬਾਰਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਇਹ ਪੁਸਤਕ ਇਸ ਸਾਕੇ ਦਾ ਸੰਤੁਲਿਤ ਤੇ ਭਰੋਸੇਯੋਗ ਬਿਰਤਾਂਤ ਹੈ ਤੇ ਕਈ ਅਜਿਹੇ ਪੱਖਾਂ ਨੂੰ ਉਘਾੜਦੀ ਹੈ, ਜੋ ਇਸ ਕਾਲ ਦੀਆਂ ਇਤਿਹਾਸ-ਰਚਨਾਵਾਂ ਵਿਚ ਦਰਜ ਨਹੀਂ ਹਨ । ਸਾਕੇ ਸੰਬੰਧੀ ਸਮਕਾਲੀ ਅਖ਼ਬਾਰਾਂ ਰਾਹੀਂ ਪ੍ਰਾਪਤ ਅਦਾਲਤੀ ਬਿਆਨਾਂ/ਗਵਾਹੀਆਂ ਹੂ-ਬ-ਹੂ ਦਰਜ ਕਰਨ ਨਾਲ ਇਸ ਪੁਸਤਕ ਦੀ ਪ੍ਰਮਾਣਿਕਤਾ ਤੇ ਉਪਯੋਗਤਾ ਵਧ ਗਈ ਹੈ ।