‘ਸਦੀ ਦੀਆਂ ਤਰਕਾਲਾਂ’ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਦੀ ਪੰਜਾਬੀ ਕਵਿਤਾ ਦਾ ਸੰਗ੍ਰਹਿ ਹੈ । ਨਵੀਂ ਪੰਜਾਬੀ ਕਵਿਤਾ ਦੀਆਂ ਵਿਸ਼ੇਸ਼ਤਾਵਾਂ ਉਜਾਗਰ ਕਰਨ ਤੇ ਪੰਜਾਬੀ ਜ਼ਿੰਦਗੀ ਵਿਚ ਸੁਹਜ ਤੇ ਚਿੰਤਨ ਨੂੰ ਪ੍ਰਫੁਲਿਤ ਕਰਨ ਵਿਚ ਬਣਦਾ ਹਿੱਸਾ ਪਾਉਣ ਲਈ ਇਸ ਸੰਗ੍ਰਹਿ ਦੀ ਸੰਪਾਦਨ-ਜੁਗਤ ਨੁੰ ਨਿਵੇਕਲੀ ਵਰਗ-ਵੰਡ ਵਿਚ ਬੰਨ੍ਹਿਆਂ ਗਿਆ ਹੈ, ਜਿੱਥੇ ਹਰੇਕ ਵਰਗ-ਵਿਸ਼ੇਸ਼ ਵਿਚ ਸ਼ਾਮਿਲ ਕਵਿਤਾਵਾਂ ਉਸੇ ਵਰਗ ਦੀ ਟੋਹ ਦਿੰਦੀਆਂ ਹੋਈਆਂ ਉਸ ਵਰਗ-ਵਿਸ਼ੇਸ਼ ਦੇ ਖਾਸੇ ਅਤੇ ਸਰੋਕਾਰਾਂ ਨੂੰ ਚਿੰਤਨ ਦਾ ਵਿਸ਼ਾ ਬਣਾਉਂਦੀਆਂ ਹਨ । ਗੈਰ-ਰਵਾਇਤੀ ਸੰਪਾਦਨ-ਜੁਗਤ ਤੇ ਚਲਦਿਆਂ ਕੁਝ ਸਰੋਕਾਰਾਂ ਤੇ ਤਿੱਖੀ ਰੌਸ਼ਨੀ ਕੇਂਦ੍ਰਿਤ ਕਰਦਿਆਂ ਸੁਰਜੀਤ ਪਾਤਰ ਨੇ ਹਰ ਵਰਗ ਦੀਆਂ ਕਵਿਤਾਵਾਂ ਤੇ ਵਿਆਪਕ ਪਰਿਪੇਖ ਵਿਚ ਵਿਚਰਦਿਆਂ ਡੂੰਘੀ ਝਾਤ ਪਾਈ ਹੈ ।