ਹਰਦੇਵ ਸੱਚਰ ਵਿਸਮਿਕ ਦੁਆਰਾ ਰਚਿਤ ਚਿਣਗਾਂ ਬਹੁ-ਪਰਤੀ ਰਚਨਾਤਮਕ ਜੁਗਤ ਵਾਲਾ ਕਾਵਿਕ ਪ੍ਰਵਾਹ ਹੈ । ਚਿਣਗਾਂ ਦੀ ਵਿਲੱਖਣਤਾ ਇਸੇ ਸੰਦਰਭ ਵਿਚ ਉੱਘੜਦੀ ਹੈ । ਚਿਣਗਾਂ ਦੀ ਕਾਵਿਕ ਧੁਨ ਭਾਵ, ਬੁੱਧੀ, ਕਲਪਨਾ, ਦ੍ਰਿਸ਼, ਗਿਆਨ, ਪ੍ਰਕਿਰਤੀ ਤੇ ਸੰਸਕ੍ਰਿਤੀ ਦੇ ਮੰਡਲਾਂ ਨੂੰ ਕਿਸੇ ਇਕ ਲੈਅ-ਤਾਲ ਵਿਚ ਬੰਨ੍ਹਦੀ ਹੈ । ਇਸ ਪ੍ਰਸੰਗ ਵਿਚ ਇਹ ਇਕ ਸੰਘਣੀ ਰਚਨਾਤਮਕ ਜੁਗਤ ਵਾਲਾ ਕਾਵਿ ਹੈ । ਨਿਰਾਕਾਰਤਾ ਦੇ ਗਿਆਨ-ਅਨੁਭਵ ਚੋਂ ਦੇਹ ਦੇ ਤਾਜ਼ਗੀ ਭਰੇ ਜ਼ੋਰਾਵਰ ਜਜ਼ਬਿਆਂ ਦੇ ਕਿਸੇ ਮਰਯਾਦਾ-ਮਈ ਰੂਪ ਦੀ ਤਲਾਸ਼ ਦਾ ਸਫ਼ਰ ਹੀ ਚਿਣਗਾਂ ਦੇ ਕਾਵਿ-ਅਨੁਭਵ ਦੀ ਪ੍ਰਾਪਤੀ ਹੈ ।