ਪਾਤਰ ਗ਼ਜ਼ਲ ਤੇ ਨਜ਼ਮ ਦੋਹਾਂ ਹੀ ਸਿਨਫਾਂ ਦੇ ਪਲੜਿਆਂ ਵਿੱਚ ਇੱਕੋ ਜੇਹੀ ਸਫਲਤਾ ਨਾਲ ਸਾਂਵਾਂ ਤੁੱਲਣ ਵਾਲਾ ਕਲਾਕਾਰ ਹੈ । ਉਹ ਨਜ਼ਮ ਲਿਖ ਰਿਹਾ ਹੋਵੇ ਜਾਂ ਗਜ਼ਲ, ਉਸਦੀ ਡੂੰਘੀ ਸੰਗੀਤਕ ਸੂਝ ਉਸਦੇ ਅੰਗ ਸੰਗ ਹੁੰਦੀ ਹੈ । ਗ਼ਜ਼ਲ ਲਿਖਣ ਵੇਲੇ ਇਸ ਸੰਗੀਤਕ ਅੰਤਰ-ਦ੍ਰਿਸ਼ਟੀ ਨਾਲ ਵਰੋਸਾਇਆ ਹੋਣ ਸਦਕਾ ਹੀ ਉਸ ਨੂੰ ਵਜ਼ਨ, ਬਹਿਰ ਤੇ ਕਾਫੀਆ ਰਦੀਫ਼ ਦੀਆਂ ਔਖੀਆਂ ਬੰਦਸ਼ਾਂ ਨਿਭਾਉਂਦਿਆਂ ਕਿਸੇ ਵੀ ਕਿਸਮ ਦੀਆਂ ਮਸਨੂਈ ਤੇ ਮਕਾਨਕੀ ਗਿਣਤੀਆਂ- ਮਿਣਤੀਆਂ ਦੇ ਝੰਜਟ ਵਿੱਚ ਪੈਣ ਦੀ ਲੋੜ ਨਹੀਂ ਮਹਿਸੂਸ ਹੁੰਦੀ ਜਾਪਦੀ, ਸਗੋਂ ਉਸਦੇ ਸ਼ਿਅਰਾਂ ਵਿੱਚ ਸ਼ਬਦ ਆਪਣੇ ਸਹਿਜ ਸਰੂਪ, ਅੰਦਰੂਨੀ ਤਾਜ਼ਗੀ ਤੇ ਕੁਦਰਤੀ ਲੈਅ ਨੂੰ ਕਾਇਮ ਰੱਖਕੇ ਅਤੇ ਆਪਣੇ ਵਿਚਲੇ ਅਰਥਾਂ ਦੇ ਜਲੌਅ ਦੇ ਸੰਗਲੀਦਾਰ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਸੁੱਤੇ ਸਿੱਧ ਹੀ ਥਾਂ ਸਿਰ ਸੁਭਾਇਮਾਨ ਹੋ ਜਾਂਦੇ ਹਨ । ਪਾਤਰ ਸੁਰ ਤੇ ਸ਼ਬਦ ਦਾ ਸਮਰਪਿਤ ਸਾਧਕ ਹੈ ਤੇ ਇਹ ਦੋਨੋਂ ਹੀ ਉਸਦੀ ਸਾਧਨਾ ‘ਤੇ ਫੁੱਲ ਚਾੜ੍ਹਦੇ ਹੋਏ ਉਸਦੀ ਰਚਨਾ ਵਿੱਚ ਆਪੋ – ਆਪਣਾ ਧਰਮ ਨਿਭਾਉਣ ਵਿਚ ਤੋੜ ਤੀਕ ਉਹਦਾ ਸਾਥ ਦਿੰਦੇ ਹਨ ।