ਇਹ 75 ਗ਼ਜ਼ਲਾਂ ਦਾ ਸੰਗ੍ਰਹਿ ਹੈ । ਇਹਨਾਂ ਗ਼ਜ਼ਲਾਂ ਵਿਚ ਕਵੀ ਨੇ ਇਲਾਹੀ ਇਸ਼ਕ ਅਤੇ ਮੁਰਸ਼ਦ ਦੇ ਇਸ਼ਕ ਦੀ ਗੱਲ ਛੇੜੀ ਹੈ । ਇਸ ਵਿਚ ਸਮਾਧੀ ਦੀ ਅਵਸਥਾ ਵਿਚ ਅੰਦਰ ਸੁਣਾਈ ਦੇਣ ਵਾਲੇ ਅਨਹਦ ਨਾਦ ਅਤੇ ਦੈਵੀ ਪ੍ਰਕਾਸ਼ ਵੱਲ ਸੰਕੇਤ ਕੀਤਾ ਗਿਆ ਹੈ । ਉਹਨੇ ਇੰਦਰਿਆਵੀ ਭੋਗਾਂ ਵਿਚੋਂ ਮਿਲਣ ਵਾਲੇ ਸੁਖ ਅਤੇ ਅਨਹਦ ਨਾਦ ਨਾਲ ਲਿਵ ਜੋੜਨ ਤੇ ਮਿਲਣ ਵਾਲੇ ਸੂਖਮ ਅਧਿਆਤਮਿਕ ਅਨੰਦ ਦਾ ਭੇਦ ਪ੍ਰਗਟ ਕੀਤਾ ਹੈ । ਕਵੀ ਨੇ ਇਨਸਾਨ ਨੂੰ ਖੁਦਗ਼ਰਜ਼ੀ, ਮੋਹ-ਮਾਇਆ, ਇੱਛਾ-ਤ੍ਰਿਸ਼ਨਾ ਦੀ ਜਿੱਲ੍ਹਣ ਵਿਚੋਂ ਨਿਕਲ ਕੇ, ਤਿਆਗ, ਸੁਆਰਥ-ਰਹਿਤ ਪ੍ਰੇਮ ਅਤੇ ਮਨ ਦੀ ਮਰਜ਼ੀ ਨੂੰ ਇਲਾਹੀ ਰਜ਼ਾ ਅਧੀਨ ਕਰਨ ਦੀ ਪ੍ਰੇਰਨਾ ਦੇਣ ਵਾਲੇ ਕਲਾਮ ਦੀ ਰਚਨਾ ਕੀਤੀ ਹੈ ।