ਮੁੱਠ ਕੁ ਧਰਤੀ ਮੁੱਠ ਕੁ ਅੰਬਰ, ਗੁਰਦਾਸ ਸਿੰਘ ਪਰਮਾਰ ਦਾ 57 ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਸਾਰੀਆਂ ਹੀ ਗ਼ਜ਼ਲਾਂ ਵਸਤੂ ਅਤੇ ਰੂਪਕ ਪੱਖ ਤੋਂ ਸਲਾਹੁਣਯੋਗ ਅਤੇ ਚੜ੍ਹ-ਚੜ੍ਹੰਦੀਆਂ ਹਨ। ਇਹਨਾਂ ਗ਼ਜ਼ਲਾਂ ਨੂੰ ਪੜ੍ਹ ਕੇ ਸਭ ਤੋਂ ਪਹਿਲਾ ਪ੍ਰਭਾਵ ਤਾਂ ਇਹ ਪੈਂਦਾ ਹੈ ਕਿ ਉਹ ਇਕ ਹੰਡਿਆ ਹੋਇਆ ਗ਼ਜ਼ਲ-ਗੋ ਹੈ, ਜਿਸ ਨੂੰ ਨਾ ਕੇਵਲ ਗ਼ਜ਼ਲ ਦੇ ਮੂਲ ਸੁਭਾ ਦੀ ਹੀ ਸੋਝੀ ਹੈ ਸਗੋਂ ਉਸ ਦੀ ‘ਅਰੂਜ਼’ ਉਤੇ ਪੂਰੀ ਪਕੜ ਵੀ ਹੈ। ਪ੍ਰੋਢ ਗ਼ਜ਼ਲਗੋ ਗੁਰਦਾਸ ਸਿੰਘ ਪਰਮਾਰ ਨੇ ਨਿਰੰਤਰ ਸਾਹਿਤ ਸਾਧਨਾ ਨੂੰ ਜਾਰੀ ਰੱਖਦਿਆਂ, ਪੰਜਾਬੀ ਗ਼ਜ਼ਲ ਨੂੰ ਨਿਖਾਰਨ ਤੇ ਸ਼ਿੰਗਾਰਨ ਲਈ ਸਫਲ ਯਤਨ ਕੀਤਾ ਹੈ।