ਇਸ ਪੁਸਤਕ ਵਿਚ ਵਿਸ਼ਵ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਦੇ ਜੀਵਨ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ । ਸਰੂਪ ਸਿੰਘ ਨੂੰ ਆਪਣੇ ਬਚਪਨ ’ਚ ਅਣਕਿਆਸੀਆਂ ਦੁਸ਼ਵਾਰੀਆਂ, ਤਲਖ਼ੀਆਂ ਅਤੇ ਤੰਗੀਆਂ-ਤੁਰਸ਼ੀਆਂ ਦੀਆਂ ਹਨੇਰੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦੇ ਪ੍ਰਤੀਕਰਮ ਵਜੋਂ ਉਸ ਦੇ ਅੰਦਰ ਵਿਸ਼ਵਾਸ ਅਤੇ ਹਿੰਮਤ ਦੀ ਜੋਤ ਜਗੀ, ਜਿਸ ਨੇ ਉਸ ਨੂੰ ਭਵਿੱਖ ’ਚ ਵਿਚਰਨ ਲਈ ਸਾਹਸ ਭਰੇ ਨਰੋਏ ਕਦਮਾਂ ਨਾਲ ਚੱਲਣ ਦੀ ਜੀਵਨ ਜਾਚ ਸਿਖਾਈ । ਭੁੱਲਰ ਨੇ ਜਿੱਥੇ ਸਰੂਪ ਸਿੰਘ ਦੇ ਦੁੱਖਾਂ ਨੂੰ ਸ਼ਿੱਦਤ ਨਾਲ ਮਹਿਸੂਸ ਕਰਕੇ ਕਲਮਬੱਧ ਕੀਤਾ ਹੈ, ਉਥੇ ਉਸ ਦੀ ਖ਼ੁਸ਼ੀ ਨੂੰ ਵੀ ਚਾਰੇ ਦਿਸ਼ਾਵਾਂ ’ਚ ਰੁਸ਼ਨਾਇਆ ਹੈ । ਸਰੂਪ ਸਿੰਘ ਨੇ ਕੈਨਵਸ ’ਤੇ ਬੇਸ਼ੁਮਾਰ ਪੋਰਟ੍ਰੇਟ, ਸਿੱਖ ਇਤਿਹਾਸ ਤੇ ਪੰਜਾਬੀ ਸਭਿਆਚਾਰ/ਕੁਦਰਤ ਦੇ ਚਿਤਰਾਂ ਤੋਂ ਇਲਾਵਾ ਮਾਡਰਨ ਆਰਟ ਦੇ ਸ਼ਾਹਕਾਰ ਚਿੱਤਰੇ ਹਨ; ਜੋ ਦੁਨੀਆਂ ਭਰ ਦੀਆਂ ਆਰਟ ਗੈਲਰੀਆਂ ਦਾ ਸ਼ਿੰਗਾਰ ਹਨ । ਇਸ ਪੁਸਤਕ ਵਿਚ ਉਸਦੇ ਸੈਂਕੜੇ ਚਿਤਰਾਂ ਦੇ ਬਹੁਰੰਗੇ ਉਤਾਰੇ ਦਿੱਤੇ ਗਏ ਹਨ, ਜੋ ਕਲਾਕਾਰ ਦੀ ਉਚੇਰੀ ਪ੍ਰਤਿਭਾ ਦਾ ਸਿੱਕਾ ਮਨਵਾਂਦੇ ਹਨ ।