ਇਸ ਪੁਸਤਕ ਵਿਚ ਲੇਖਕ ਨੇ ਜੀਨਵੀਆਂ ਦੀ ਸਿਰਜਣਾ ਕੀਤੀ ਹੈ, ਅਤੇ ਉਹਨਾਂ ਵਿਚ ਉਸ ਨੇ ਆਪਣੇ ਅਧਿਐਨ ਅਤੇ ਤਜਰਬੇ ਮੂਜਬ ਪ੍ਰਸਤੁੱਤ ਵਿਸ਼ੇ ਦਾ ਡੂੰਘੀ ਤਰ੍ਹਾਂ ਪ੍ਰਤਿਪਾਦਨ ਕੀਤਾ ਹੈ । ਇਸ ਪੁਸਤਕ ਵਿਚ ਇਕ ਪਾਸੇ ਸਾਡੇ ਮਹਾਨ ਸਾਹਿਬਜ਼ਾਦਿਆਂ ਬਾਰੇ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਮੁੱਲਵਾਨ ਵਾਕਫੀਅਤ ਪ੍ਰਦਾਨ ਕੀਤੀ ਗਈ ਹੈ ਅਤੇ ਦੂਜੇ ਪਾਸੇ ਭਾਰਤ ਲਈ ਆਪਣੀਆਂ ਜਾਨਾਂ ਹੱਸ ਹੱਸ ਕੇ ਨਿਛਾਵਰ ਕਰਨ ਵਾਲੇ ਮਹਾਨ ਯੋਧਿਆਂ, ਸੂਰਬੀਰਾਂ, ਕ੍ਰਾਂਤੀਕਾਰੀਆਂ ਅਤੇ ਦੇਸ਼ਭਗਤਾਂ ਦੇ ਸੰਘਰਸ਼, ਕਾਰਜਾਂ ਅਤੇ ਕੁਰਬਾਨੀਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ । ਭਾਰਤੀ ਵਿਗਿਆਨੀ, ਵਿਦਵਾਨ, ਸਾਹਿਤਕਾਰ ਇਸ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਹਕੀਕਤ ਰਾਇ, ਸਵਾਮੀ ਵਿਵੇਕਾਨੰਦ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਅਮਰ ਸ਼ਹੀਦ ਸ. ਭਗਤ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ, ਡਾ. ਰਾਬਿੰਦਰ ਨਾਥ ਟੈਗੋਰ, ਹੇਲਨ ਕੀਲਰ, ਭਗਤ ਪੂਰਨ ਸਿੰਘ ਅਤੇ ਮਲਾਲਾ ਯੂਸਫ਼ਜ਼ਈ ਆਦਿ ਸ਼ਖ਼ਸੀਅਤਾਂ ਬਾਰੇ ਬਹੁਤ ਨੇੜਿਉਂ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ । ਇਹਨਾਂ ਜੀਨਵੀਆਂ ਦੇ ਅੰਤ ਵਿਚ ਲੇਖਕ ਨੇ ਲਗਭਗ ਹਰ ਸੰਬੰਧਤ ਸ਼ਖ਼ਸੀਅਤ ਦੇ ਮਨੁੱਖੀ ਸਮਾਜ, ਮਾਨਵਤਾ, ਸੰਘਰਸ਼ ਜਾਂ ਆਪਣੇ ਇਸ਼ਟ ਜਾਂ ਟੀਚੇ ਬਾਰੇ ਨੈਤਿਕ ਪੱਖੋਂ ਵਿਚਾਰ ਵੀ ਦਿੱਤੇ ਹਨ ਤਾਂ ਜੋ ਪਾਠਕ ਅੰਦਰ ਨੈਤਿਕ ਕਦਰਾਂ ਅਤੇ ਉਚੇਰੇ ਜੀਵਨ ਮੁੱਲਾਂ ਦਾ ਵਧੇਰੇ ਕਾਰਗਰ ਢੰਗ ਨਾਲ ਸੰਚਾਰ ਹੋ ਸਕੇ ।