ਇਹ ਪੁਸਤਕ ਪ੍ਰਸ਼ਨ-ਉੱਤਰ ਦੇ ਰੂਪ ਵਿਚ ਪੇਸ਼ ਕੀਤੀ ਗਈ ਹੈ । ਇਸ ਵਿਚਲੇ ਪ੍ਰਸ਼ਨ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਵਿਅਕਤੀਆਂ ਵਲੋਂ ਪੁੱਛੇ ਗਏ ਵਿਅਕੀਗਤ ਪ੍ਰਸ਼ਨ ਸਨ; ਪਰ ਜਦੋਂ ਇਹਨਾਂ ਉਤੇ ਰਤਾ ਕੁ ਘੋਖਵੀਂ ਨਜ਼ਰ ਫੇਰੀ ਜਾਵੇ ਤਾਂ ਇਹ ਦਿੱਸ ਪਵੇਗਾ ਕਿ ਪ੍ਰਸ਼ਨ ਜਿਹੜੇ ਓਦੋਂ ਅਨੇਕਾਂ ਮਨਾਂ ਵਿਚ ਉਠੇ ਸਨ, ਉਹੀ, ਓਸੇ ਤਰ੍ਹਾਂ ਹੀ ਤੇ ਓਸੇ ਹੀ ਸ਼ਿਦਤ ਨਾਲ ਅੱਜ ਵੀ ਅਨੇਕਾਂ ਮਨਾਂ ਵਿਚ ਉਠ ਰਹੇ ਹਨ । ਇਸੇ ਲਈ ਸੰਗ੍ਰਹਿ-ਕਰਤਾ ਵਲੋਂ ਅਪਣਾਈ ਗਈ ਨਿਜਤਵ ਦਾ ਤਤ ਹਟਾ ਦੇਣ ਦੀ ਵਿਧੀ ਸਚਮੁਚ ਇਹਨਾਂ ਸਵਾਲਾਂ ਦੀ ਮਹਤਤਾ ਵਧਾਂਦੀ ਤੇ ਦਿਤੇ ਉੱਤਰਾਂ ਦਾ ਪਿੜ ਚੌੜੇਰਾ ਕਰਦੀ ਹੈ ।