ਇਸ ਪੁਸਤਕ ਵਿਚ ਅਸ਼ਕ ਨੇ ਸੱਚਾਈ ਅਤੇ ਸਾਫਗੋਈ ਨੂੰ ਸਾਹਮਣੇ ਰੱਖਿਆ ਹੈ। ਇਸ ਵਿਚ ਮੰਟੋ ਦੇ ਵਿਅਕਤਿਤਵ ਦੇ ਦੋਨੋਂ ਪਹਿਲੂ ਦਿਖਾਏ ਹਨ ਤੇ ਉਸ ਦੇ ਚਰਿੱਤਰ ਦੇ – ਜੀਵਨ ਦਰਸ਼ਨ ਅਤੇ ਕਾਰਜ ਦੇ – ਸਵੀਕਾਰਾਤਮਕ ਅਤੇ ਨਕਾਰਾਤਮਿਕ ਦੋਨੋਂ ਪਹਿਲੂਆਂ ’ਤੇ ਰੋਸ਼ਨੀ ਪਾਈ ਹੈ। ਕਿਤੇ-ਕਿਤੇ ਉਹ ਆਪਣੀ ਸਾਫਗੋਈ ਵਿੱਚ ਤਿੱਖਾ ਲਹਿਜਾ ਅਖ਼ਤਿਆਰ ਕਰ ਗਏ ਹਨ। ਪਰ ਅਸ਼ਕ ਦਾ ਮੰਟੋ ’ਤੇ ਲਿਖਣਾ ਇਕ ਤਿੱਖੇ ਮਿਜਾਜ਼ ਵਾਲੇ ਸਾਹਿਤਕਾਰ ਦਾ ਇਕ ਤਿੱਖੇ ਮਿਜਾਜ਼ ਵਾਲੇ ਸਾਹਿਤਕਾਰ ’ਤੇ ਲਿਖਣਾ ਹੈ ਅਤੇ ਇਸ ਲਈ ਬੇਹੱਦ ਦਿਲਚਸਪ ਹੈ, ਜੀਵਨ ਕਥਾਤਮਕ ਹੈ, ਵਿਅੰਗ ਭਰੇ ਚੁਟਕਲਿਆਂ ਨਾਲ ਭਰਿਆ ਹੈ ਅਤੇ ਉੱਚੇ ਦਰਜੇ ਦਾ ਰੇਖਾ-ਚਿੱਤਰ ਹੈ।