ਇਸ ਪੁਸਤਕ ਵਿਚ ‘ਜਾਗਤ ਜੋਤ ਵਾਹਿਗੁਰੂ ਜੀ ਕੀ ਫ਼ਤਹਿ’ ਦੀ ਵਿਆਖਿਆ ਕਰਨ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ । ਪ੍ਰ੍ਰਮਾਤਮਾ ਤਾਂ ਸਰਬ ਵਿਆਪਕ ਹੈ, ਜਿਵੇਂ ਸਾਰੀ ਧਰਤੀ ਹੇਠ ਪਾਣੀ ਹੈ, ਪਰ ਪਾਣੀ ਹਰ ਥਾਂ ’ਤੇ ਪ੍ਰਗਟ ਨਹੀਂ ਹੋ ਰਿਹਾ, ਜਿਥੋਂ ਪ੍ਰਗਟ ਹੁੰਦਾ ਹੈ ਉਸਨੂੰ ਅਸੀਂ ਖੂਹ, ਨਾਲਾ, ਨਦੀ, ਚਸ਼ਮਾ ਜਾਂ ਸਮੁੰਦਰ ਕਹਿੰਦੇ ਹਾਂ । ਪ੍ਰਮਾਤਮਾ ਜਦੋਂ ਜੀਵਨ ਦੇਣ ਵਾਸਤੇ ਸ੍ਰਿਸ਼ਟੀ ਵਿਚ ਆਪਣੀ ਜੋਤ ਰੱਖਦਾ ਹੈ ਤਾਂ ਸ੍ਰਿਸ਼ਟੀ ਵਿਚ ਹਰਕਤ ਆ ਜਾਂਦੀ ਹੈ, ਜੀਵਾਂ ਦੇ ਕਰਮ-ਇੰਦ੍ਰੇ ਕਰਮ ਕਰਨ ਦੇ ਸਮਰੱਥ ਹੋ ਜਾਂਦੇ ਹਨ । ਜਦੋਂ ਪ੍ਰਮਾਤਮਾ ਆਪਣੇ ਕਿਸੇ ਵਿਸ਼ੇਸ਼ ਚੁਣੇ ਹੋਏ ਬੰਦੇ ਦੇ ਅੰਦਰ ਆਪਣੀ ਜੋਤ ਰੱਖਦਾ ਹੈ ਤਾਂ ਉਸਦੇ ਅੰਦਰ ਹਰਕਤ ਦੇ ਨਾਲ ਰੱਬੀ ਬਰਕਤ ਵੀ ਆ ਜਾਂਦੀ ਹੈ ਤੇ ਉਹ ਸ੍ਰਿਸ਼ਟੀ ਦੀ ਹਰਕਤ ਨੂੰ ਕੋਈ ਤਰਤੀਬ, ਜੀਵਨ ਜੁਗਤੀ ਦੇਂਦਾ ਹੈ । ਉਸ ਦੇ ਬੋਲੇ ਬੋਲ ਗੁਰਬਾਣੀ ਹੁੰਦੇ ਹਨ । ਉਸ ਦੇ ਕੀਤੇ ਕਰਮ ਐਸਾ ਪਵਿੱਤਰ ਇਤਿਹਾਸ ਬਣਦੇ ਹਨ ਜੋ ਮਨੁੱਖਤਾ ਲਈ ਚੰਗੀ ਸੋਚ, ਚੰਗੇ ਬਚਨ ਤੇ ਪਵਿੱਤਰ ਕਰਮ ਕਰਨ ਲਈ ਮਾਰਗ ਬਣਾ ਦਿੰਦੇ ਹਨ ।