ਮਹਾਨ ਕੋਸ਼ ਪੰਜਾਬੀ ਦਾ ਸਭ ਤੋਂ ਪ੍ਰਮਾਣਿਕ ਹਵਾਲਾ ਗ੍ਰੰਥ ਹੈ। ਇਸ ਕੋਸ਼ ਵਿਚ ਪੰਜਾਬੀ ਕੌਮ ਦਾ ਮਹਾਨ ਗਿਆਨ-ਸਰਮਾਇਆ ਏਨੇ ਸੁਨਿਸ਼ਚਿਤ ਢੰਗ ਨਾਲ ਸੰਚਿਤ ਕੀਤਾ ਹੈ ਕਿ ਇਹ ਕੋਸ਼ ਗਿਆਨ ਅਤੇ ਜਾਣਕਾਰੀ ਦਾ ਇਕ ਅਖੱਟ ਖਜ਼ਾਨਾ ਹੋ ਨਿਬੜਿਆ ਹੈ। ਇਸ ਕੋਸ਼ ਵਿਚ ਗੁਰਮੁਖੀ ਲਿੱਪੀ ਦੇ ਅੱਖਰ ਕ੍ਰਮ ਵਿਚ ਵਿਉਂਤਬੱਧ ਕੀਤੇ ਇੰਦਰਾਜ ਭਾਵੇਂ ਮੂਲ ਰੂਪ ਵਿਚ ਗੁਰਬਾਣੀ ਗੁਰਮਤਿ ਜਾਂ ਸਿੱਖ ਸਾਹਿਤ ਵਿਚੋਂ ਲਏ ਗਏ ਹਨ ਪਰ ਇਨ੍ਹਾਂ ਦੇ ਮਾਧਿਅਮ ਰਾਹੀਂ ਪੰਜਾਬ ਦਾ ਸਮੁੱਚਾ ਇਤਿਹਾਸ ਦਰਸ਼ਨ, ਸਾਹਿਤ, ਸੰਗੀਤ, ਬਨਸਪਤੀ ਅਤੇ ਪੰਜਾਬੀ ਭਾਸ਼ਾ ਸਮੇਤ ਆਪਣੇ ਮੂਲ ਸੰਸਕ੍ਰਿਤ ਅਤੇ ਫਾਰਸੀ ਦੇ ਸ੍ਰੋਤਾਂ ਦੇ ਪ੍ਰਕਾਸ਼ਮਾਨ ਹੋ ਰਿਹਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮਹਾਨ ਕੋਸ਼ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਦਿਆਂ ਪਰ ਭਾਈ ਸਾਹਿਬ ਵੱਲੋਂ ਕੀਤੀਆਂ ਸੋਧਾਂ ਅਤੇ ਵਾਧਿਆਂ ਨੂੰ ਉਚਿਤ ਥਾਂ ’ਤੇ ਵਿਵਸਥਿਤ ਕਰਦਿਆ ਕੋਸ਼ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਹੈ। ਪੰਜਾਬ ਦੇ ਇਤਿਹਾਸ, ਦਰਸ਼ਨ, ਧਰਮ, ਸਭਿਆਚਾਰ ਅਤੇ ਭਾਸ਼ਾ ਵਿਚ ਦਿਲਚਸਪੀ ਰੱਖਣ ਵਾਲੇ ਵਿਦਵਾਨ ਅਤੇ ਪਾਠਕ ਮਹਾਨ ਕੋਸ਼ ਤੋਂ ਭਰਪੂਰ ਲਾਭ ਉਠਾਉਣਗੇ।