ਇਹ ਟੀਕਾ ਗੁਰਬਾਣੀ ਦੀ ਸੰਪ੍ਰਦਾਈ ਅਰਥ-ਪ੍ਰਣਾਲੀ ਵਿਚ ਨਵਾਂ ਮੀਲ ਪੱਥਰ ਹੈ। ਇਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਲਵੰਡੀ ਸਾਬੋ ਵਿਖੇ ਗੁਰਬਾਣੀ ਦੀ ਕੀਤੀ ਵਿਆਖਿਆ, ਜੋ ਸੰਪ੍ਰਦਾਈ ਗਿਆਨੀਆਂ ਰਾਹੀਂ ਸੀਨਾ-ਬਸੀਨਾ ਚੱਲੀ ਆ ਰਹੀ ਸੀ, ਨੂੰ ਲਿਖਤ ਰੂਪ ਰਾਹੀਂ ਪੇਸ਼ ਕਰਨ ਦਾ ਨਿਮਾਣਾ ਉਪਰਾਲਾ ਹੈ। ਅਰਥਾਂ ਦੀ ਪੇਸ਼ਕਾਰੀ ਸਮੇਂ ਮੂਲ ਸ਼ਬਦਾਂ ਦੇ ਪਰਿਆਇਵਾਚੀ ਦੇ ਕੇ ਅਰਥ ਦਿੱਤੇ ਗਏ ਹਨ ਅਤੇ ਲੋੜ ਅਨੁਸਾਰ ਅਰਥ-ਵਿਸਥਾਰ ਵੀ ਕੀਤਾ ਗਿਆ ਹੈ, ਜਿਸ ਨੂੰ ਸੰਗਤ ਵਿਚ ਹੂ-ਬ-ਹੂ ਸੁਣਾਇਆ ਜਾ ਸਕਦਾ ਹੈ। ਪ੍ਰਸੰਗ ਅਨੁਸਾਰ ਸ਼ਬਦਾਂ ਦੀਆਂ ਉਥਾਨਕਾਵਾਂ ਅਤੇ ਬੇਅੰਤ ਇਤਿਹਾਸਕ ਤੇ ਪੌਰਾਣਿਕ ਸਾਖੀਆਂ ਵੀ ਦਰਜ ਹਨ।