Blog posts tagged with 'Singh Brothers'
ਪੰਜਾਬ : ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ...

Punjab : Jinhan Rahan Di Main Sar Na Jana By Amandeep Sandhu, Punjabi Translation by Yadwinder Singh, Mangat Ram

 

ਅਮਨਦੀਪ ਸਿੰਘ ਰਚਿਤ ਅੰਗਰੇਜ਼ੀ ਪੁਸਤਕ  (Punjab: Journeys through Fault Lines) ‘ਯਾਨਰ’ ਦੀਆਂ ਹੱਦਬੰਦੀਆਂ ਨੂੰ ਵੰਗਾਰਨ ਵਾਲੀ ਰਚਨਾ ਹੈ । ਇਸ ਦਾ ਪੰਜਾਬੀ ਅਨੁਵਾਦ ਸਰਵਸ੍ਰੀ ਯਾਦਵਿੰਦਰ ਸਿੰਘ ਅਤੇ ਮੰਗਤ ਰਾਮ ਨੇ ਕੀਤਾ ਹੈ । ਇਹ ਪੁਸਤਕ ਇਕੋ ਸਮੇਂ ਪੱਤਰਕਾਰੀ, ਸੰਸਮਰਣ ਅਤੇ ਨਾਵਲ ਦੀ ਸ਼੍ਰੇਣੀ ਵਿਚ ਰੱਖੀ ਜਾ ਸਕਦੀ ਹੈ । ਅੱਜ ਤੋਂ ਕਈ ਦਹਾਕੇ ਪਹਿਲਾਂ ਇਹੋ ਜਿਹੀ ਇਕ ਪੁਸਤਕ ‘ਆਗ ਕਾ ਦਰਯਾ’ (ਕੁਰਤੁਅਲ-ਐਨ-ਹੈਦਰ) ਨੇ ਲਿਖੀ ਸੀ, ਜਿਸ ਵਿਚ ‘ਹਿੰਦੁਸਤਾਨੀਅਤ’ ਨੂੰ ਟੋਲਣ ਅਤੇ ਟੋਹਣ ਦਾ ਯਤਨ ਕੀਤਾ ਗਿਆ ਸੀ । ਹਥਲੀ ਪੁਸਤਕ ਵਿਚ ਸ. ਸੰਧੂ ‘ਪੰਜਾਬੀਅਤ’ ਦੀ ਤਲਾਸ਼ ਕਰਦਾ ਹੈ । ਉਸ ਅਨੁਸਾਰ ਨਾਬਰੀ ਅਤੇ ਪ੍ਰਤੀ ਰੋਧ ਪੰਜਾਬੀਅਤ ਦੇ ਪ੍ਰਮੁੱਖ ਲੱਛਣ ਹਨ । ਅਮਨਦੀਪ ਸਿੰਘ ਨੇ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਭਾਰਤ ਦੇ ਪ੍ਰਮੁੱਖ ਸਨਅਤੀ ਸ਼ਹਿਰ ਰੁੜਕੇਲਾ ਵਿਚ ਗੁਜ਼ਾਰੇ ਸਨ । ਉਨ੍ਹਾਂ ਦਿਨਾਂ ਵਿਚ ਉਸ ਨੇ ਪੰਜਾਬ ਨੂੰ ਕੁਝ ਟੁਕੜੀਆਂ (ਪ੍ਰਤੀਕਾਂ) ਵਿਚ ਵੇਖੀਆ ਸੀ । ਭਾਰਤ ਦੇ ਹੋਰ ਪ੍ਰਦੇਸ਼ਾ ਵਿਚ ਪੰਜਾਬ ਬਾਰੇ ਵੱਖ-ਵੱਖ ਧਾਰਨਾਵਾਂ ਬਣੀਆਂ ਹੋਈਆਂ ਹਨ । ਉਥੇ ਰਹਿਣ ਵਾਲੇ ਲੋਕ ਜਦੋਂ ‘ਪੰਜਾਬ’ (ਸਿਗਨੀਫਾਇਰ) ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਮਨ ਵਿਚ ਸਿੱਖ, ਭੰਗੜਾ, ਖਾੜਕੂ, ਗੁਰਦੁਆਰਾ, ਲੰਗਰ, ਖ਼ਾਲਿਸਤਾਨ, ਹਰੀ ਕ੍ਰਾਂਤੀ, ਢੋਲ, ਪੰਜ ਦਰਿਆ ਵਿਚ ਬਟਰ-ਚਿਕਨ ਆਦਿ ਚਿਹਨਕ (Signified) ਉੱਭਰਦੇ ਹਨ । ਪਰ ਕੀ ਪੰਜਾਬ ਬਸ ਇਹੋ ਅਤੇ ਏਨਾ ਹੀ ਹੈ । ਲੇਖਕ ਦਾ ਇਹ ਬਿਰਤਾਂਤ 1913 ਈ. ਤੋਂ ਸ਼ੁਰੂ ਹੋ ਕੇ 1918 ਈ. ਤੱਕ ਚਲਦਾ ਹੈ ਪਰ ਅੰਦਰਖਾਤੇ ਇਹ ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਤੱਕ ਦੀ ਯਾਤਰਾ ਕਰ ਜਾਂਦਾ ਹੈ । ਇਸ ਵਿਚ ਕਾਂਗਰਸ, ਕਮਿਊਨਿਸਟ ਪਾਰਟੀਆਂ, ਅਕਾਲੀ ਪਾਰਟੀ, ਸ. ਭਿੰਡਰਾਂਵਾਲਾ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇਜਰੀਵਾਲ ਆਦਿ ਤੋਂ ਬਿਨਾਂ ਪੰਜਾਬ ਦੇ ਪ੍ਰਮੁੱਖ ਡੇਰੀਆਂ, ਰਾਧਾ ਸੁਆਮੀ, ਸੱਚਾ ਸੌਦਾ, ਨਿਰੰਕਾਰੀ, ਸੰਤ ਬੱਲਾਂ ਵਾਲੇ ਆਦਿ ਦੀ ਕਾਰਜਸ਼ੈਲੀ ਬਾਰੇ ਵੀ ਭਰਪੂਰ ਚਰਚਾ ਹੋਈ ਹੈ । ਇਹ ਪੁਸਤਕ ਹਰ ਸੂਝਵਾਨ ਅਤੇ ਸੰਵੇਦਨਸ਼ੀਲ ਪਾਠਕ ਵਾਸਤੇ ਪੜ੍ਹਨੀ ਅਤੇ ਘੋਖਣੀ ਜ਼ਰੂਰੀ ਹੈ ।

 

Order Online -: https://www.singhbrothers.com/en/punjab-jinhan-rahan-di-main-saar-na-janan

 

From - Ajit Newspaper

By - Brahmjagdish Singh

Dated - 12.11.2022

ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ

 

Sikh Purkhian Da Virasti Parsang by Dr. Balkar Singh

 

ਸਿੱਖ ਧਰਮ ਮਨੁੱਖੀ ਪੂਰਨ ਤੌਰ ’ਤੇ ਜੀਵਨ ਜਾਚ ਦਾ ਮਾਰਗ ਹੈ, ਜੋ ਮਨੁੱਖ ਨੂੰ ਉਚੇਚੇ ਅਧਿਆਤਮਕਿ ਅਨੁਭਵ ਨਾਲ ਜੋੜਦਾ ਹੈ ਅਤੇ ਸੰਤੁਲਿਤ ਸਮਾਜਿਕ ਜੀਵਨ ਜੀਉਣ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ । ਪ੍ਰਸਿੱਧ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹੱਥਲੀ ਪੁਸਤਕ ਵਿਚ ਸਿੱਖ ਇਤਿਹਾਸ, ਗੁਰਇਤਿਹਾਸ, ਕੌਮੀ ਇਤਿਹਾਸ ਦੀਆਂ ਰੋਲ ਮਾਡਲ ਰਹੀਆਂ ਕੋਈ 20 ਕੁ ਮਹਾਨ ਸ਼ਖਸੀਅਤਾਂ ਨੂੰ ਆਪਣੀ ਗੁਰਮਤਿ ਸੋਝੀ ਰਾਹੀਂ ਕਲਮਬੰਦ ਕੀਤਾ ਹੈ । ਬਾਬਾ ਬੁੱਢਾ, ਭਾਈ ਮਨੀ ਸਿੰਘ, ਭਾਈ ਗੁਰਦਾਸ, ਭਾਈ ਕਨ੍ਹਈਆ, ਭਾਈ ਨੰਦ ਲਾਲ, ਭਾਈ ਮੋਤੀਰਾਮ ਮਹਿਰਾ, ਮਾਤਾ ਸਾਹਿਬ ਕੌਰ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜੀਆ, ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ, ਮਹਾਂ ਕਵੀ ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਰਣਧੀਰ ਸਿੰਘ, ਪ੍ਰੋ: ਸਾਹਿਬ ਸਿੰਘ, ਬਾਬਾ ਨਿਧਾਨ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼ਾਮਿਲ ਹਨ । ਪ੍ਰੋ: ਡਾ. ਬਲਕਾਰ ਸਿੰਘ ਸਿੱਖ ਦਰਸ਼ਨ ਦੀ ਨਿਵੇਕਲੀ ਪਛਾਣ ਨੂੰ ਸਥਾਪਤ ਕਰਨ ਲਈ ਪੂਰਨ ਨਿਸ਼ਠਾ ਤੇ ਸਿਦਕ ਦਿਲੀ ਨਾਲ ਕੰਮ ਕਰ ਰਹੇ ਹਨ । ਉਨ੍ਹਾਂ ਦੀ ਲਿਖਤ ਵਿਚ ਦਲੀਲ ਦਾ ਸਹਿਜ ਪ੍ਰਗਟਾਵਾ ਹੁੰਦਾ ਹੈ । ਥਾਂ ਪੁਰ ਥਾਂ ਗੁਰਬਾਣੀ ਦੀ ਅਗਵਾਈ ਉਨ੍ਹਾਂ ਦੀ ਦਲੀਲ ਨੂੰ ਪੁਖਤਗੀ ਪ੍ਰਦਾਨ ਕਰਦੀ ਹੈ । ਉਨ੍ਹਾਂ ਦੀਆਂ ਲਿਖਤਾਂ ਗੁਰੂ ਜੋਤਿ ਦਾ ਪ੍ਰਮਾਣਿਕ ਬਿੰਬ ਉਸਾਰਨ ਕਰਕੇ ਅਕਾਦਮਿਕ ਜਗਤ ਵਿਚ ਸਤਿਕਾਰੀਆਂ ਜਾਂਦੀਆਂ ਹਨ । ਲੇਖਕ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ, ਦਸ ਪੁਸਤਕਾਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਗੁਰਮਤਿ ਵਿਵੇਚਨ, ਭਗਤ ਨਾਮ ਦੇਵ ਜੀਵਨ ਤੇ ਰਚਨਾ, ਸਿੱਖ ਰਹੱਸਵਾਦ, ਜਿਨ੍ਹਾਂ ਤੋਂ ਵਿਛੋੜਿਆ ਗਿਆ, ਪੰਜਾਬ ਦਾ ਬਾਬਾ ਬੋਹੜ ਗੁਰਚਰਨ ਸਿੰਘ ਟੌਹੜਾ, ਸ਼ਬਦ ਗੁਰੂ ਦਾ ਸਿੱਖ ਸਿਧਾਂਤ, The Spiritual Light Bearer of mankind, ਅਕਾਲ ਤਖਤ ਸਾਹਿਬ ਜੋਤ ਤੇ ਜੁਗਤਿ, ਨਾਨਕ ਚਿੰਤਨ ਪਿਛੋਕੜ ਅਤੇ ਭੁਮਿਕਾ, ਪਾਠਕਾਂ ਤੇ ਵਿਦਵਾਨਾਂ ਦੀ ਟਿਪਸਤੇ ਹਨ । ਲੇਖਕ ਵਲੋਂ ਇਸ ਪੁਸਤਕ ਵਿਚ ਗੁਰੂ ਦਰਸਾਈ ਸਿੱਖੀ ਨੂੰ ਕਮਾਉਣ ਵਾਲੇ 20 ਵਿਰਾਸਤੀ ਪੁਰਖਿਆਂ ਦੇ ਜੀਵਨ, ਸੰਘਰਸ਼, ਕਮਾਈ ਨੂੰ ਦਰਸਾਉਣ ਦਾ ਯੋਗ ਉਪਰਾਲਾ ਕੀਤਾ ਹੈ । ਸਿੱਖੀ ਰੋਲ ਮਾਡਲ ਵਜੋਂ ਸਥਾਪਿਤ ਇਨ੍ਹਾਂ ਪੁਰਖਿਆਂ ਵਿਚ ਵਿਦਵਾਨ, ਸ਼ਹੀਦ, ਤੇਗ ਦੇ ਧਨੀ ਸੂਰਮੇ, ਕਵੀ, ਸੇਵਾ ਦੇ ਪੁੰਜ ਤੇ ਸਿਆਸਤ ਦੇ ਮਹਾਂਰਥੀ ਸ਼ਾਮਲ ਹਨ । ਜਿਨ੍ਹਾਂ ਨੇ ਪੰਜ ਸਦੀਆਂ ਦੇ ਇਤਿਹਾਸ ਦੀ ਸਿਰਜਣਾ ਵਿਚ ਅਹਿਮ ਰੋਲ ਅਦਾ ਕੀਤਾ ਹੈ । ਉਲਾਰ ਸਥਿਤੀਆਂ ਵਿਚਕਾਰਲਾ ਸੰਤੁਲਿਤ ਰਾਹ ਕਿਵੇਂ ਕੰਮ ਆਉਂਦਾ ਹੈ ਇਸ ਅਮਲ ਵਿਚ ਜੀਉਣ ਵਾਲੇ ਪੁਰਖਿਆਂ ਦੀ ਦਾਸਤਾਨ ਹੀ ਹੈ ਇਹ ਹੱਥਲੀ ਪੁਸਤਕ ਸਾਰੇ ਵਿਸ਼ਵ ਵਿਚ ਫੈਲ ਰਹੇ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿਚ ਕਈ ਚੁਣੌਤੀਆਂ ਤੇ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਨ੍ਹਾਂ ਦੇ ਸਰਲੀਕਰਨ ਲਈ ਵਿਰਾਸਤੀ ਪੁਰਖਿਆਂ ਵਲੋਂ ਪਾਏ ਪੂਰਨੇ ਸਾਡਾ ਮਾਰਗ ਦਰਸ਼ਨ ਕਰ ਸਕਦੇ ਹਨ ।

 

Order Online -: https://www.singhbrothers.com/en/sikh-purkhian-da-virasti-parsang

 

From - Ajit Newspaper

By - Diljit Singh Bedi

Dated - 06.11.2022

ਸਿੱਖ ਇਤਿਹਾਸ ਦੀ ਫਾਰਸੀ ਇਤਿਹਾਸਕਾਰੀ

ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਹੱਤਵਪੂਰਨ ਖੋਜ ਕਾਰਜ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਖੋਜ ਵਿਭਾਗ ਹੀ ਯੂਨੀਵਰਸਿਟੀਆਂ ਦੀ ‘ਰੀੜ੍ਹ ਦੀ ਹੱਡੀ’ ਹੁੰਦੇ ਹਨ । ਬੇਸ਼ੱਕ ਡਾ. ਗੰਡਾ ਸਿੰਘ ਨੇ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ-ਵਿਭਾਗ ਵਿਚ ਕੰਮ ਕਰਦਿਆਂ ਫਾਰਸੀ ਗ੍ਰੰਥਾਂ ਦੀ ਵਿਵਰਣਾਤਮਿਕ ਪੁਸਤਕ-ਸੂਚੀ ਤਿਆਰ ਕਰ ਦਿੱਤੀ ਸੀ 

 

Sikh Itihas Di Farsi Itihaskari by Dr. Balwant SIngh Dhillon

 

ਅਤੇ ਆਪਣੀਆਂ ਪੁਸਤਕਾਂ ਵਿਚ ਬਹੁਤ ਸਾਰੇ ਫਾਰਸੀ ਸਰੋਤਾਂ ਦਾ ਪ੍ਰਯੋਗ ਵੀ ਕੀਤਾ ਸੀ ਪ੍ਰੰਤੂ ਇਸ ਸੋਮੇ ਬਾਰੇ ਸੁਤੰਤਰ ਤੇ ਇਕ ਵੱਖਰੀ ਪੁਸਤਕ ਪ੍ਰਕਾਸ਼ਿਤ ਕਰ ਕੇ ਡਾ. ਢਿੱਲੋਂ ਨੇ ਪੰਜਾਬ ਦੇ ਇਤਿਹਾਸ ਉੱਪਰ ਨਵੀਂ ਰੋਸ਼ਨੀ ਪਾਈ ਹੈ । ਵਿਦਵਾਨ ਲੇਖਕ ਨੇ ਆਪਣੇ ਅਧਿਐਨ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲੇ ਭਾਗ ਵਿਚ ਗੁਰ-ਇਤਿਹਾਸ ਨਾਲ ਸੰਬੰਧਿਤ ਉਨ੍ਹਾਂ ਫਾਰਸੀ ਲੇਖਕਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਸਿੱਖ-ਇਤਿਹਾਸ ਦੇ ਵਿਸ਼ੇ ਨੂੰ ਛੋਹਿਆ ਹੈ । ਦੂਜੇ ਭਾਗ ਵਿਚ ਉਨ੍ਹਾਂ ਫਾਰਸੀ ਪੁਸਤਕਾਂ ਦਾ ਵਿਸ਼ਲੇਸ਼ਣ ਹੈ ਜੋ ਸਿੱਖ ਇਤਿਹਾਸ ਬਾਰੇ ਮੁੱਲਵਾਨ ਟਿੱਪਣੀਆਂ ਕਰਦੀਆਂ ਹਨ । ਅਜਿਹੀਆਂ ਪੁਸਤਕਾਂ ਵਿਚ ‘ਅਕਬਰਨਾਮਾ’ (ਅਬੁਲ ਫ਼ਜਲ), ‘ਤੁਜ਼ਕ-ਏ-ਜਹਾਂਗੀਰੀ’ (ਜਹਾਂਗੀਰ), ‘ਦਬਿਸਤਾਨ-ਏ-ਮਜ਼ਾਹਿਬ’ (ਮੁਬਿਦ ਸ਼ਾਹ), ‘ਖੁਲਾਸਤੁਤ ਤਵਾਰੀਖ’ (ਸੁਜਾਨ ਰਾਇ ਭੰਡਾਰੀ), ‘ਇਬਰਤਨਾਮਾ’ (ਮਿਰਜ਼ਾ ਮੁਹੰਮਦ ਹਾਰਿਸੀ), ‘ਮੁੰਤਖ਼ਬ-ਲ-ਲੁਬਾਬ’ (ਖਾਫੀ ਖਾਨ), ਚਹਾਰ ਗੁਲਸ਼ਨ (ਰਾਇ ਚਤੁਰਮਨ) ਅਤੇ ਸੀਯਰ-ਉਲ-ਮੁਤਾਖਿਰੀਨ (ਗੁਲਾਮ ਹੁਸੇਨ ਖ਼ਾਨ) ਵਰਗੀਆਂ 25-26 ਸਰੋਤ ਪੁਸਤਕਾਂ ਦਾ ਸਰਬਾਂਗੀ ਅਧਿਐਨ ਕੀਤਾ ਗਿਆ ਹੈ । ਫਾਰਸੀ ਭਾਸ਼ਾ ਦੇ ਗਿਆਨ ਵਾਸਤੇ ਡਾ. ਢਿੱਲੋਂ ਨੇ ਡਾ. ਅਮਰਵੰਤ ਸਿੰਘ ਦੀ ਸਹਾਇਤਾ ਲਈ ਹੈ, ਜਿਸ ਦਾ ਉਸ ਨੇ ਸਾਭਾਰ ਉਲੇਖ ਕੀਤਾ ਹੈ । ਡਾ. ਅਮਰਵੰਤ ਸਿੰਘ ਨੇ ਗੁਰੂ ਨਾਨਕ ਦੇਵ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ । ਹਥਲੀ ਪੁਸਤਕ ਵੀ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਨੇਪਰੇ ਚੜ੍ਹੀ ਹੈ । 

 

Order Online -: https://www.singhbrothers.com/en/sikh-itihas-di-farsi-itihaskari

 

From - Ajit Newspaper

By - Brahmjagdish Singh

Dated - 06.11.2022

ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ

ਡਾ. ਬਲਵੰਤ ਸਿੰਘ ਢਿਲੋਂ ਨੇ ਗੁਰੂ ਤੇਗ ਬਹਾਦਰ ਵਿਰਸਾ ਤੇ ਵਿਰਾਸਤ ਪੁਸਤਕ ਨੂੰ ਪੰਦਰਾਂ ਭਾਗਾਂ ਵਿਚ ਵੰਡਿਆ ਹੈ

 

Guru Tegh Bahadur : Virsa Te Virasat by Dr. Balwant SIngh Dhillon

 

ਪਹਿਲੇ ਭਾਗ ਵਿਚ ਗੁਰੂਨਾਨਕ ਦੇਵ ਜੀ ਦੀ ਰੂਹਾਨੀ ਅਨੁਭਵ ਤੇਵਿਰਾਸਤ, ਦੂਜੇ ਭਾਗ ਵਿਚ ਮੁੱਢਲਾ ਸਿੱਖ ਪੰਥਸਹਿਹੋਂਦ ਤੋਂ ਸ਼ਹਾਦਤ ਅਤੇ ਗੁਰੂ ਅੰਗਦ ਦੇਵ ਜੀਤੋਂ ਗੁਰੂ ਅਰਜਨ ਦੇਵ ਜੀ ਤੱਕ, ਤੀਜੇ ਅਧਿਆਏ ਵਿਚ ਮੀਰੀ ਤੇ ਸਿੱਖ ਸੈਨਿਕ ਸੰਗਠਨ ਇਸ ਨੂੰ ਅੱਗੇ 6 ਹਿੱਸਿਆਂ ਵਿਚ ਵੰਡਿਆ ਹੈ ਜਿਵੇਂ ਮੀਰੀ-ਪੀਰੀ ਦਾ ਉਦੇਸ਼, ਗਵਾਲੀਅਰ ਵਿਚ ਨਜ਼ਰਬੰਦੀ, ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਦਾ ਸਮਾਂ, ਮੁਗਲਾਂ ਨਾਲ ਸੈਨਿਕ ਸੰਘਰਸ਼, ਕੀਰਤਪੁਰ ਦਾ ਨਵਾਂ ਸਿੱਖ ਕੇਂਦਰ ਅਤੇ ਮੁਗ਼ਲ ਬਾਦਸ਼ਾਹ ਦੁਆਰਾ ਧੀਰਮੱਲ ਦੀ ਸਰਪ੍ਰਸਤੀ। ਚੌਥੇ ਭਾਗ ਵਿਚ ਗੁਰੂ ਤੇਗ ਬਹਾਦਰ ਸਮਕਾਲੀਨ ਪ੍ਰਸਥਿਤੀਆਂ, ਪੰਜਵੇਂ ਵਿਚ ਸਿੱਖ ਧਰਮ ਪ੍ਰਚਾਰ, ਪਾਸਾਰ ਤੇ ਸੰਗਠਨ, ਛੇਵੇਂ ਭਾਗ ਵਿਚ ਔਰੰਗਜ਼ੇਬ ਦਾ ਸਿੱਖ ਪੰਥ ਬਾਰੇ ਨਜ਼ਰੀਆ ਅਤੇ ਔਰੰਗਜ਼ੇਬ ਦਾ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ਵਿਹਾਰ, ਸੱਤਵੇਂ ਵਿਚ ਗੁਰੂ ਤੇਗ ਬਹਾਦਰ ਜੀ ਦਾ ਮੁਢਲਾ ਜੀਵਨ ਤੇ ਗੱਦੀ ਨਸ਼ੀਨੀ, ਠਵਾਂ-ਪੂਰਬੀ ਭਾਰਤ ਦੀ ਯਾਤਰਾ ਵਿਚ ਮਾਖੋਵਾਲ ਤੋਂ ਮਾਲਵਾ ਵਿਚ ਧਮਤਾਨ, ਧਮਤਾਨ ਤੋਂ ਪਹਿਲੀ ਗ੍ਰਿਫਤਾਰੀ, ਦਿੱਲੀ ਤੋਂ ਪਟਨਾਂ । ਨੋਵੇਂ ਅਧਿਆਏਵਿਚ ਪਟਨਾ ਤੋਂ ਢਾਕਾ-ਆਸਾਮ, ਢਾਕਾ ਤੋਂਚਿੱਟਾਗੋਂਗ ਅਤੇ ਵਾਪਸੀ, ਰਾਜਾਰਾਮ ਸਿੰਘ ਨਾਲ ਆਸਾਮ ਵਿਚ, ਦਸਵੇਂ ਭਾਗ ਵਿਚ ਪਟਨਾ ਤੋਂਪੰਜਾਬ ਵਾਪਸੀ, ਦੂਜੀ ਗ੍ਰਿਫ਼ਤਾਰੀ ਤੇ ਰਿਹਾਈ ਦਾਸਬੱਬ । ਗਿਆਰਵੀਂ ਵਿਚ ਤਤਕਾਲੀ ਮਾਹੌਲ ਵਿਚਸੰਦੇਸ਼ ਦੀ ਪ੍ਰਸੰਗਕਿਤਾ । ਬਾਰ੍ਹਵੇਂ ਭਾਗ ਵਿਚਸ਼ਹੀਦੀ ਦਾ ਪ੍ਰਕਰਨ ਇਤਿਹਾਸਕਾਰਾਂ ਦੀ ਜ਼ਬਾਨੀ ਦੇ ਪ੍ਰਸੰਗ ਨੂੰ 6 ਹੋਰ ਸਬ ਸਿਰਲੇਖਾਂ ਹੇਠ ਦਰਜਕੀਤਾ ਹੈ: ਫ਼ਾਰਸੀ ਦੇ ਇਤਿਹਾਸਕਾਰਾਂ ਦੇ ਸ਼ੰਕੇ ਤੇਤੌਖਲੇ, ਗੁਰੂ ਸ਼ਖ਼ਸੀਅਤ ਨੂੰ ਕਲੰਕਤ ਕਰਨ ਦੇ ਦੋਸ਼ੀ, ਬ੍ਰਿਟਿਸ਼ ਬਸਤੀਵਾਦੀ ਇਤਿਹਾਸਕਾਰ ਗੁੰਮਰਾਹ ਜਾਂ ਮਿਲੀ-ਭੁਗਤ, ਪੰਜਾਬੀ ਮੂਲ ਦੇਇਤਿਹਾਸਕਾਰ ਤੱਥ ਤੇ ਮਿੱਥਰਲ-ਗਡ, ਸਿੱਖ ਸਰੋਤਗੁਆਚੇ ਤੱਥਾਂ ਦੀ ਭਾਲ, ਸ਼ਹੀਦੀ ਲਈ ਮਾਹੌਲਤਿਆਰ, ਅੰਤਿਕਾ, ਤੇਰਵੇਂ ਅਧਿਆਇ ਵਿਚਸ਼ਹੀਦੀ ਸਾਕਾ, 14ਵੇਂ ਭਾਗ ਵਿਚ ਗੁਰੂ ਤੇਗਬਹਾਦਰ ਜੀ ਦੀ ਸ਼ਹੀਦੀ ਪ੍ਰਭਾਵ ਅਤੇ ਅਖੀਰਲੇਪੰਦਰਵੇਂ ਅਧਿਆਇ ਵਿਚ ਗੁਰੂ ਤੇਗ ਬਹਾਦਰ ਜੀਦੀ ਸ਼ਖਸੀਅਤ ਦੇ ਵਿਭਿੰਨ ਪਹਿਲੂ ਦਰਜ ਕੀਤੇ ਗਏ ਹਨ । ਫਾਰਸੀ ਦੀਆਂ ਲਿਖਤਾਂ ਦੀ ਪੁਣ-ਛਾਣ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਭਰਮ-ਭੁਲੇਖੇ ਉਪਜਾਉਣ ਵਾਲੇ ਫਾਰਸੀ ਦੇ ਸਾਹਿਤਕਾਰਾਂ ਦੀ ਅਸਲੀਅਤ ਤੋਂ ਪਹਿਲੀ ਵਾਰਪਰਦਾ ਚੁੱਕਿਆ ਗਿਆ ਹੈ । ਲੇਖਕ ਨੇ ਗੁਰੂ ਤੇਗਬਹਾਦਰ ਜੀ ਦੇ ਸ਼ਹੀਦੀ ਦੇ ਸਾਕੇ ਅਤੇ ਇਸ ਪ੍ਰਭਾਵ ਨੂੰ ਇਤਿਹਾਸ ਦਾ ਰੁਖ ਬਦਲ ਦੇਣ ਦੀ ਹਕੀਕਤ ਨੂੰ ਵੀ ਸਾਹਮਣੇ ਲਿਆਂਦਾ ਹੈ

 

Order Online -:  https://www.singhbrothers.com/en/guru-tegh-bahadur-virsa-te-virasat

 

From - Ajit Newspaper

By - Daljit Singh Bedi

Dated - 05.11.2022

ਗ਼ੈਰ ਸਿੱਖ ਲੇਖਕਾਂ ਦੇ ਨਜ਼ਰੀਏ ਤੋਂ ਸਿੱਖ ਇਤਿਹਾਸ

 

Sikh Itihas Di Farsi Itihaskari by Dr. Balwant Singh Dhillon

Sikh Itihas Di Farsi Itihaskari By Dr. Balwant SIngh Dhillon

 

ਇਹ ਵਡਭਾਗੀ ਗੱਲ ਹੈ ਕਿ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਦੀ ਮੱਧ-ਕਾਲੀਨ ਭਾਰਤੀ ਇਤਿਹਾਸ ਦੀ ਫ਼ਾਰਸੀ ਇਤਿਹਾਸਕਾਰੀ ਨਾਲ ਚਿਰੋਕਣੀ ਜਾਣ-ਪਛਾਣ ਦਾ ਲਾਹਾ ਸਿੱਖ ਇਤਿਹਾਸ ਨੂੰ ਮਿਲਿਆ ਹੈ ਜਿਨ੍ਹਾਂ ਨੇ ਬਹੁਤ ਹੀ ਘਾਲਣਾ ਨਾਲ ‘ਸਿੱਖ ਇਤਿਹਾਸ ਦੀ ਫ਼ਾਰਸੀ ਇਤਿਹਾਸਕਾਰੀ’ ਪੁਸਤਕ ਲਿਖੀ ਹੈ ਜਿਸ ’ਚ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਫ਼ਾਰਸੀ ਇਤਿਹਾਸਕਾਰੀ ਉਪਰ ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ। ਹੱਥਲੀ ਪੁਸਤਕ ’ਚ 16ਵੀਂ ਸ਼ਤਾਬਦੀ ਦੇ ਅੰਤ ਤੋਂ ਲੈ ਕੇ 19ਵੀਂ ਸਦੀ ਦੇ ਪਹਿਲੇ ਦਹਾਕੇ ਤਕ ਫ਼ਾਰਸੀ ’ਚ ਲਿਖੇ ਇਤਿਹਾਸ ’ਚੋਂ 28 ਲੇਖਕਾਂ ਦੀਆਂ ਰਚਨਾਵਾਂ ’ਚੋਂ ਸਿੱਖ ਗੁਰੂ ਸਾਹਿਬਾਨ ਬਾਰੇ ਬਿਰਤਾਂਤ ਨਾਲ ਤੁਆਰਫ਼ ਕਰਵਾਇਆ ਗਿਆ ਹੈ। ਮੁੱਖ ਤੌਰ ’ਤੇ ਇਹ ਸਿੱਖ ਗੁਰੂਆਂ ਬਾਰੇ 18ਵੀਂ ਸ਼ਤਾਬਦੀ ਤਕ ਦੀ ਫ਼ਾਰਸੀ ਇਤਿਹਾਸਕਾਰੀ ਨੂੰ ਸੰਬੋਧਨ ਹੈ। ਇਸ ਅਧਿਐਨ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਹੈ। ਪਹਿਲੇ ਭਾਗ ’ਚ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਾਰਸੀ ਦੇ ਇਤਿਹਾਸਕਾਰ ਤੇ ਉਨ੍ਹਾਂ ਦੇ ਕੰਮ ਦੀਆਂ ਸੀਮਾਵਾਂ, ਵਿਸ਼ੇਸ਼ਤਾਵਾਂ ਨੂੰ ਢੂੰਡਿਆ-ਪਰਖਿਆ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ , ਗੁਰੂ ਹਰਗੋਬਿੰਦ ਜੀ, ਗੁਰੂ ਹਰਿ ਰਾਏ, ਗੁਰੂ ਤੇਗ ਬਹਾਦਰ ਤੇ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਤੇ ਉਦੇਸ਼ ਪ੍ਰਤੀ ਨਜ਼ਰੀਏ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਸਿੱਖ ਧਰਮ ਦੇ ਪਾਸਾਰ, ਸੰਗਠਨ ਵਿਸ਼ਵਾਸ ਤੇ ਰਵਾਇਤਾਂ ਦੀ ਪੇਸ਼ਕਾਰੀ ਦੀ ਸਮੀਖਿਆ ਕੀਤੀ ਹੈ।

ਦੂਜਾ ਭਾਗ ਫ਼ਾਰਸੀ ਦੇ ਸਰੋਤਾਂ ’ਚ ਸਿੱਖ ਗੁਰੂ ਸਾਹਿਬਾਨ ਬਾਰੇ ਪ੍ਰਾਪਤ ਬਿਰਤਾਂਤ ਤੇ ਹਵਾਲਿਆਂ ਨਾਲ ਸਬੰਧਿਤ ਹੈ। ਫ਼ਾਰਸੀ ਦੇ ਜ਼ਿਆਦਾਤਰ ਇਤਿਹਾਸਕਾਰ ਮੁਗ਼ਲ ਦਰਬਾਰ ਦੇ ਦਰਬਾਰੀ, ਵਜ਼ੀਰ, ਵਾਕਿਆ-ਨਵੀਸ, ਮੀਰ ਮੁਨਸ਼ੀ ਜਾਂ ਮੁਲਾਜ਼ਮ ਸਨ। ਇਨ੍ਹਾਂ ਨੇ ਮੁਗ਼ਲ ਬਾਦਸ਼ਾਹਾਂ ਦੀ ਰੱਜ ਦੇ ਸੋਭਾ ਕੀਤੀ ਪਰ ਕਿਸੇ ਐਬ ਦਾ ਜ਼ਿਕਰ ਨਹੀਂ ਕੀਤਾ। ਇਨ੍ਹਾਂ ਇਤਿਹਾਸਕਾਰਾਂ ਨੇ ਸਿੱਖ ਗੁਰੂ ਸਾਹਿਬਾਨ ਦਾ ਜ਼ਿਕਰ ਮੁਗ਼ਲ ਬਾਦਸ਼ਾਹਾਂ ਦਾ ਇਤਿਹਾਸ ਲਿਖਦਿਆਂ ਜਾਂ ਫਿਰ ਬੰਦਾ ਸਿੰਘ ਬਹਾਦਰ ਦੇ ਮੁਗ਼ਲਾਂ ਵਿਰੁੱਧ ਸੈਨਿਕ ਸੰਘਰਸ਼ ਦੀਆਂ ਜੜ੍ਹਾਂ ਨੂੰ ਖੋਜਣ ਦੇ ਸੰਦਰਭ ’ਚ ਕੀਤਾ ਹੈ। ਲੇਖਕ ਅਨੁਸਾਰ 28 ਇਤਿਹਾਸਕਾਰਾਂ ’ਚੋਂ 12 ਦੇ ਕਰੀਬ ਇਤਿਹਾਸਕਾਰ ਸਿੱਖ ਗੁਰੂ ਸਾਹਿਬਾਨ ਦੇ ਸਮਕਾਲੀ ਸਨ। ਇਨ੍ਹਾਂ ਇਤਿਹਾਸਕਾਰਾਂ ਦੀਆਂ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਪੰਥ ਦੀਆਂ ਰਵਾਇਤਾਂ ਤੇ ਰਸਮਾਂ ਬਾਰੇ ਟਿੱਪਣੀਆਂ ਸਿੱਖ ਪੰਥ ਦੀ ਇਤਿਹਾਸਕਾਰੀ ਦੇ ਅਗਿਆਤ, ਅਛੂਤੇ ਦਰੀਚਿਆਂ ਨੂੰ ਰੁਸ਼ਨਾਉਣ ’ਚ ਵੱਡਾ ਯੋਗਦਾਨ ਪਾ ਸਕਦੀਆਂ। ਡਾ. ਢਿੱਲੋਂ ਅਨੁਸਾਰ ਦਬਿਸਤਾਨ-ਏ-ਮਜ਼ਾਹਿਬ ਦੇ ਲੇਖਕ ਮੁਬਿਦ ਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ-ਉਦੇਸ਼ ਬਾਰੇ ਬਹੁਤ ਹੀ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ। ਬਹੁ-ਗਿਣਤੀ ਇਤਿਹਾਸਕਾਰ ਵਾਕਿਫ਼ ਸਨ ਕਿ ਗੁਰੂ ਨਾਨਕ ਸਿੱਖ ਧਰਮ ਦੇ ਸੰਸਥਾਪਕ ਸਨ ਤੇ ਗੁਰੂ ਸਾਹਿਬ ਦੀ ਪੈਦਾਇਸ਼ ਸੁਲਤਾਨ ਬਹਿਲੋਲ ਲੋਧੀ ਦੇ ਜ਼ਮਾਨੇ ਹੋਈ। ਉਹ ਇਸ ਤੱਥ ਦੇ ਵੀ ਗਵਾਹ ਸਨ ਕਿ ਗੁਰੂ ਨਾਨਕ ਨੂੰ ਦੈਵੀ-ਰਹਿਬਰ ਵਜੋਂ ਪ੍ਰਸਿੱਧੀ ਬਾਦਸ਼ਾਹ ਬਾਬਰ ਦੇ ਅਹਿਦ ’ਚ ਪ੍ਰਾਪਤ ਹੋਈ। ਮੁਬਿਧ ਸ਼ਾਹ ਨੂੰ ਇਹ ਵੀ ਸੂਹ ਸੀ ਕਿ ਗੁਰੂ ਨਾਨਕ ਖੱਤਰੀਆਂ ਦੀ ਬੇਦੀ ਜਾਤ ’ਚੋਂ ਸਨ। ਸੁਜਾਨ ਰਾਇ ਭੰਡਾਰੀ ਦਾ ਕਥਨ ਹੈ ਕਿ ਗੁਰੂ ਸਾਹਿਬ ਬਚਪਨ ਤੋਂ ਹੀ ਰੱਬੀ ਮਿਹਰ ਦੇ ਭਾਗੀ ਸਨ ਤੇ ਛੋਟੀ ਉਮਰ ’ਚ ਹੀ ਦੈਵੀ ਗਿਆਨ ਦੀ ਪ੍ਰਾਪਤੀ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ ਸਨ। ਮੁਬਿਦ ਸ਼ਾਹ ਗੁਰੂ ਨਾਨਕ ਦੁਆਰਾ ਮੋਦੀ ਖ਼ਾਨੇ ਦੀ ਨੌਕਰੀ ਤਿਆਗਣ ਉਪਰੰਤ ਕਠਿਨ ਤਪੱਸਿਆ ਤੇ ਆਪਣੀ ਖੁਰਾਕ ਘਟਾ ਕੇ ਪਵਨਹਾਰੀ ਬਣ ਜਾਣ ਦਾ ਹਵਾਲਾ ਦਿੰਦਾ ਹੈ। ਲੇਖਕ ਅਨੁਸਾਰ ਸੰਭਵ ਹੈ ਐਸੀਆਂ ਅਸੰਭਵ ਕਿਸਮ ਦੀਆਂ ਕਰਾਮਾਤੀ ਕਥਾਵਾਂ ਗੁਰੂ ਸਾਹਿਬ ਦੀ ਰੂਹਾਨੀ ਸ਼ਖ਼ਸੀਅਤ ਨੂੰ ਵਡਿਆਉਣ ਲਈ ਕੁਝ ਲੋਕਾਂ ਨੇ ਘੜ ਲਈਆਂ ਹੋਣ ਪਰ ਮੁਹੰਮਦ ਸ਼ਫ਼ੀ ਵਾਰਿਦ ਦੀ ਲਿਖਤ ਅਨੁਸਾਰ ‘‘ਗੁਰੂ ਨਾਨਕ ਨੇ ਸਖ਼ਤ ਰਿਆਜ਼ ਤੇ ਬਹੁਤੀ ਇਬਾਦਤ ਕਰਨ ਸਦਕਾ ਜਿਸਮਾਨੀ ਖਾਹਿਸ਼ਾਂ ’ਤੇ ਕੰਟਰੋਲ ਪਾ ਕੇ ਆਪਣੇ ਆਪ ਨੂੰ ਰੱਬੀ ਦਰਗਾਹ ਦੇ ਪਿਆਰਿਆਂ ਦੀ ਸ਼੍ਰੇਣੀ ’ਚ ਸ਼ਾਮਿਲ ਕਰ ਲਿਆ ਸੀ।’’ (ਮੀਰਾਤਿ ਵਰਿਦਾਤ, ਪੰਨਾ 156), ਮੁਹੰਮਦ ਸ਼ਫ਼ੀ ਇਹ ਵੀ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਇਕ ਮੁੱਦਤ ਤਕ ਦੁਨੀਆਂ ’ਤੇ ਦੁਨਿਆਵੀ ਦੀਨਾਂ ਤੋਂ ਅਲਹਿਦਾ ਹੋ ਕੇ ਰੱਬ ਦੀ ਇਬਾਦਤ ’ਚ ਰੁੱਝਿਆ ਰਿਹਾ ਤੇ ਅੰਤ ‘ਮਾਰਫ਼ਤ’ ਦਾ ਰੁਤਬਾ ਪ੍ਰਾਪਤ ਕਰ ਲਿਆ। ਲੇਖਕ ਅਨੁਸਾਰ ਸਿੱਖ ਇਤਿਹਾਸ ’ਚ ਸਿੱਖ ਗੁਰੂ ਸਾਹਿਬਾਨ ਦੇ ਮੁਗ਼ਲ ਬਾਦਸ਼ਾਹਾਂ ਵਿਚਕਾਰ ਸਬੰਧਾਂ ਤੇ ਪਰਸਪਰ ਨਜ਼ਰੀਏ ਦਾ ਵਿਸ਼ਾ ਬੜਾ ਅਹਿਮ ਸਥਾਨ ਰੱਖਦਾ ਹੈ। ਸਿੱਖ ਸਰੋਤਾਂ ਅਨੁਸਾਰ 1521 ’ਚ ਬਾਬਰ ਦੇ ਸੈਦਪੁਰ ’ਤੇ ਹਮਲੇ ਦੌਰਾਨ ਮੁਗ਼ਲ ਸੈਨਿਕਾਂ ਨੇ ਆਮ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਵੀ ਬੰਦੀ ਬਣਾ ਲਿਆ। ਬਾਅਦ ’ਚ ਬਾਦਸ਼ਾਹ ਬਾਬਰ ਨੇ ਗੁਰੂ ਸਾਹਿਬ ਦੀ ਰੂਹਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਜਨਮਸਾਖੀ ਪ੍ਰੰਪਰਾ ਅਨੁਸਾਰ ਗੁਰੂ ਬਾਰੇ ਵੀ ਬਾਦਸ਼ਾਹ ਬਾਬਰ ਨਾਲ ਮੁਲਾਕਾਤ ਦੀ ਹਾਮੀ ਭਰਨ ਤੋਂ ਇਲਾਵਾ ਬਾਬਰ ਨੂੰ ਹਿੰਦੁਸਤਾਨ ਦੀ ਕੁਰਸੀ-ਬ-ਕੁਰਸੀ (ਪੀੜ੍ਹੀ-ਦਰ-ਪੀੜ੍ਹੀ) ਬਾਦਸ਼ਾਹੀ ਦੀ ਬਖ਼ਸ਼ਿਸ਼ ਦਾ ਜ਼ਿਕਰ ਵੀ ਕਰਦੀ ਹੈ। ਫਾਰਸੀ ਦੀਆਂ ਬਹੁਤ ਸਾਰੀਆਂ ਲਿਖਤਾਂ ’ਚ ਗੁਰੂ ਸਾਹਿਬ ਦੀ ਰੂਹਾਨੀ ਅਜ਼ਮਤ ਤੇ ਧਾਰਮਿਕ ਪੁਰਸ਼ਾਂ ’ਚ ਸਿਰਮੌਰਤਾ ਨੂੰ ਦਰਸਾਉਣ ਲਈ ਉਨ੍ਹਾਂ ਨੂੰ ਦਰਵੇਸ਼ਾਂ ਦੀ ਉਪਾਧੀ ਦਿੱਤੀ ਗਈ ਹੈ :

ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।

ਗੁਰੂ ਸਾਹਿਬ ਦੇ ਜੋਤੀ ਜੋਤ ਸਮਾ ਜਾਣ ਕਰਕੇ ਰੂਹਾਨੀਅਤ ਦੇ ਖੇਤਰ ’ਚ ਜੋ ਖਲਾਅ ਮਹਿਸੂਸ ਕੀਤਾ ਗਿਆ, ਨੂੰ ਵਿਅਕਤੀ ਕਰਨ ਲਈ 19ਵੀਂ ਸਦੀ ਦੇ ਪਹਿਲੇ ਅੱਧ ’ਚ ਫਾਰਸੀ ਦੇ ਇਤਿਹਾਸਕਾਰਾਂ ਨੇ ਜੋ ਸ਼ਬਦਾਵਲੀ ਪ੍ਰਯੋਗ ਕੀਤੀ ਹੈ, ਉਹ ਬਹੁਤ ਹੀ ਜ਼ਿਕਰਯੋਗ ਹੈ:

ਨਾਨਕ ਅਜ਼ ਜਹਾਂ ਰਫ਼ਤ।

ਗ਼ੁਲ ਬਾਗ਼-ਏ ਬੈਰੂੰ ਸ਼ੁਦ।

ਭਾਵ ਗੁਰੂ ਬਾਬਾ ਨਾਨਕ ਦਾ ਇਸ ਜਹਾਨ ਤੋਂ ਚਲੇ ਜਾਣਾ ਇਵੇਂ ਸੀ ਜਿਵੇਂ ਬਾਗ਼ ਗੁਲਾਬ ਦੇ ਫੁੱਲ ਤੋਂ ਮਹਿਰੂਮ ਹੋ ਗਿਆ ਹੋਵੇ। ਲੇਖਕ ਅਨੁਸਾਰ ਗੁਰੂ ਸਾਹਿਬ ਦੇ ਲਈ ਇਸ ਤੋਂ ਵਧੇਰੇ ਪ੍ਰਭਾਵਸ਼ਾਲੀ ਤੇ ਭਾਵਪੂਰਤ ਸ਼ਰਧਾਂਜਲੀ ਕਿੱਧਰੇ ਦੇਖਣ ’ਚ ਨਹੀਂ ਆਈ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਫਾਰਸੀ ਇਤਿਹਾਸਕਾਰਾਂ ਦੀ ਨਜ਼ਰ ’ਚ, ਗੁਰੂ ਹਰਗੋਬਿੰਦ ਜੀ ਦੇ ਜੀਵਨ ਤੇ ਸੰਘਰਸ਼ ਬਾਰੇ, ਗੁਰੂ ਹਰਿ ਰਾਏ ਬਾਰੇ ਫ਼ਾਰਸੀ ਸਰੋਤ, ਗੁਰੂ ਤੇਗ ਬਹਾਦਰ ਫਾਰਸੀ ਇਤਿਹਾਸਕਾਰਾਂ ਦੀ ਜ਼ੁਬਾਨੀ, ਗੁਰੂ ਗੋਬਿੰਦ ਸਿੰਘ ਬਾਰੇ ਫ਼ਾਰਸੀ ਦੀ ਇਤਿਹਾਸਕਾਰੀ, ਗੁਰਬਾਣੀ, ਗੁਰਿਆਈ ਤੇ ਉਤਰਾਧਿਕਾਰ, ਸਿੱਖ ਪੰਥ ਦਾ ਪਾਸਾਰ ਤੇ ਸੰਗਠਨ ਬਾਰੇ ਵੇਰਵੇ ਦੂਜੇ ਭਾਗ ’ਚ ‘ਅਕਬਾਰਨਾਮਾ’:ਅਬੁਲ ਫ਼ਜ਼ਲ ਅਲਾਮੀ (1598 ਈ.), ‘ਤੁਜ਼ਕ-ਏ-ਜਹਾਂਗੀਰੀ’:ਬਾਦਸ਼ਾਹ ਨੂਰਦੀਨ ਮੁਹੰਮਦ ਜਹਾਂਗੀਰ (1606 ਈ.), ‘ਮਕਤੂਬਾਤ ਇਮਾਮ-ਰਬਾਨੀ’: ਸ਼ੇਖ ਅਹਿਮਦ ਸਰਹੰਦੀ (1616-1617 ਈ.), ਪਟਾ ਜ਼ਮੀਨ ਰਕਬਾ ਕਰਤਾਰਪੁਰ:ਪਰਗਨਾ ਜਲੰਧਰ (1643 ਈ.) , ਦਬਿਸਤਾਨ-ਏ-ਮਜ਼ਾਹਿਬ: ਮੁਬਿਦ ਸ਼ਾਹ (1645-46 ਈ.), ਤਜ਼ਕਰਾ ਪੀਰ ਹੱਸੂ ਤੇਲੀ:ਸੂਰਤ ਸਿੰਘ (1647 ਈ.), ਖੁਲਾਸਤੁਤ ਤਵਾਰੀਖ: ਸੁਜਾਨ ਰਾਏ ਭੰਡਾਰੀ (1696 ਈ.) ਤੋਂ ਇਲਾਵਾ ਹੋਰ ਫ਼ਾਰਸੀ ਇਤਿਹਾਸਕਾਰੀ ਦਾ ਬਹੁਤ ਵਿਸਤਿ੍ਰਤ ਵਰਣਨ ਪੜ੍ਹਨ ਨੂੰ ਮਿਲਦਾ ਹੈ। ਪੁਸਤਕ ’ਚ ਫ਼ਾਰਸੀ ਇਤਿਹਾਸਕਾਰੀ ਦੇ ਬਲਬੂਤੇ ਸਿੱਖ ਇਤਿਹਾਸ, ਸਿੱਖ ਗੁਰੂ ਸਾਹਿਬਾਨ ਬਾਰੇ ਦਿਲਚਸਪੀ ਭਰਿਆ ਬਿਰਤਾਂਤ ਦਿੱਤਾ ਗਿਆ ਹੈ ਜਿਸ ਨੂੰ ਨਿੱਠ ਕੇ ਪੜ੍ਹਨ ਤੇ ਸਮਝਣ ਦੀ ਲੋੜ ਹੈ। ਪੁਸਤਕ ’ਚ ਸਿੱਖ ਧਰਮ ਤੇ ਇਤਿਹਾਸ ਬਾਰੇ ਗ਼ੈਰ ਸਿੱਖ ਨਜ਼ਰੀਏ ਦੇ ਵਿਭਿੰਨ ਦਿਸਹੱਦੇ ਸਾਹਮਣੇ ਆਉਂਦੇ ਹਨ। ਫਾਰਸੀ ਦੇ ਬਹੁਤੇ ਇਤਿਹਾਸਕਾਰ ਸਿੱਖ ਗੁਰੂ ਸਾਹਿਬਾਨ ਦੇ ਨਾਂ ਨਾਲ ਅਕਸਰ ਗੁਰੂ ਦੀ ਉਪਾਧੀ ਨਹੀਂ ਲਾਉਂਦੇ ਅਤੇ ਕਈ ਵਾਰ ਅਕੇਂਦਰ, ਖਰਵੀਂ ਤੇ ਨਿੰਦਨੀਯ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਐਸੀ ਸਥਿਤੀ ਵਿਚ ਸਪੱਸ਼ਟਤਾ ਲਈ ਲੇਖਕ ਦੁਆਰਾ ਚੌਰਸ [ ] ਤੇ ਗੋਲ ਬ੍ਰੈਕਟ ( ) ਪ੍ਰਯੋਗ ਕੀਤੇ ਗਏ ਹਨ। ਗੋਲ ਬੈ੍ਰਕਟ ਅਰਥਾਂ ਨੂੰ ਸਪੱਸ਼ਟ ਕਰਨ ਲਈ ਹਨ ਜਦੋਂਕਿ ਚੌਰਸ ਬ੍ਰੈਕਟ ਲੇਖਕ ਵੱਲੋਂ ਪ੍ਰਯੋਗ ਕੀਤੇ ਸਿਰਲੇਖਾਂ ਨੂੰ ਦਰਸਾਉਣ ਲਈ ਹਨ; ਜਾਂ ਫਿਰ ਇਹ ਦੱਸਣ ਲਈ ਕਿ ਇਹ ਹੈ ਤਾਂ ਗਲਤ, ਪਰ ਇਤਿਹਾਸਕਾਰ ਨੇ ਇਸ ਨੂੰ ਏਸੇ ਤਰ੍ਹਾਂ ਲਿਖਿਆ ਹੈ। ਹਿਜਰੀ ਤੇ ਬਿਕ੍ਰਮੀ ਸੰਨ ਦੀਆਂ ਤਾਰੀਖਾਂ ਨੂੰ ਸਾਂਝੇ ਸਾਲ ਵਿਚ ਪਰਵਰਤਿਤ ਕਰਨ ਲਈ ਸ. ਪਾਲ ਸਿੰਘ ਪੂਰੇਵਾਲ ਦੁਆਰਾ ਪ੍ਰਕਾਸ਼ਿਤ 500 ਸਾਲਾ ਜੰਤਰੀ ਦਾ ਸਹਾਰਾ ਲਿਆ ਹੈ। ਹੱਥਲਾ-ਅਧਿਐਨ ਸਿੱਖ ਗੁਰੂ ਸਾਹਿਬਾਨ ਬਾਰੇ ਫਾਰਸੀ ਸਰੋਤਾਂ ਦਾ ਪੰਜਾਬੀ ਭਾਸ਼ਾ ਵਿਚ ਆਪਣੀ ਕਿਸਮ ਦਾ ਪਹਿਲਾ ਤੇ ਵਿਸਤਰਿਤ ਅਧਿਐਨ ਹੈ। ਇਕ ਕਿਸਮ ਨਾਲ ਇਸ ਵਿਚ ਸਿੱਖ ਧਰਮ ਤੇ ਇਤਿਹਾਸ ਬਾਰੇ ਗੈਰ-ਸਿੱਖ ਨਜ਼ਰੀਏ ਦੇ ਵਿਭਿੰਨ ਆਯਾਮ ਸਾਹਮਣੇ ਆਉਂਦੇ ਹਨ। ਇਸ ਦੇ ਆਪਣੇ ਗੁਣ ਤੇ ਔਗੁਣ ਹਨ ਪਰ ਸੂਝਵਾਨ ਖੋਜੀਆਂ ਲਈ ਇਸ ਵਿੱਚੋਂ ਸਚਾਈ ਦੀ ਪਛਾਣ ਕਰਨੀ ਅਸੰਭਵ ਨਹੀਂ। ਇਸ ਅਧਿਐਨ ਵਿਚ ਸ਼ਾਮਲ ਇਤਿਹਾਸਕਾਰਾਂ ਦੀਆਂ ਰਚਨਾਵਾਂ ਦਾ ਪਾਠ ਜਾਂ ਤਾਂ ਹੱਥ-ਲਿਖਤ ਖਰੜਿਆਂ ਤੋਂ ਪ੍ਰਾਪਤ ਕੀਤਾ ਹੈ ਜਾਂ ਫਿਰ ਅਕਾਦਮਿਕ ਮਾਪ ਦੰਡਾਂ ਅਨੁਸਾਰ ਸੰਪਾਦਿਤ ਕੀਤੇ ਭਰੋਸੇਯੋਗ ਸੰਸਕਰਣਾਂ ਤੋਂ ਲਿਆ ਗਿਆ ਹੈ।

ਪੁਸਤਕ ਦੇ ਲੇਖਕ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਲਗਪਗ 31 ਸਾਲ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿਚ ਸਿੱਖ ਧਰਮ ਅਧਿਐਨ ਬਾਰੇ ਖੋਜ ਤੇ ਅਧਿਆਪਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਤੌਰ ਪ੍ਰੋਫੈਸਰ ਤੇ ਮੁਖੀ ਸੇਵਾ-ਮੁਕਤ ਹੋਏ। ਫਿਰ 2011-15 ਤਕ ਮੁੱਢਲੇ ਡਾਇਰੈਕਟਰ ਦੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਸਥਾਪਤ ਕਰਨ ਤੇ ਇਸ ਨੂੰ ਰਵਾਂ-ਦਵਾਂ ਕਰਨ ਦੀ ਸੇਵਾ ਨਿਭਾਈ। ਵਿਸ਼ਵ ਧਰਮ ਅਧਿਐਨ ਵਿਚ ਗਹਿਰੀ ਰੁਚੀ ਦੇ ਨਾਲ-ਨਾਲ ਪ੍ਰੋਫੈਸਰ ਢਿੱਲੋਂ ਨੂੰ ਸਿੱਖ ਧਰਮ, ਇਤਿਹਾਸ, ਸਾਹਿਤ ਤੇ ਸਭਿਆਚਾਰ ਦੇ ਮੁੱਢਲੇ ਸਰੋਤਾਂ, ਪੁਰਾਤਨ ਹੱਥ-ਲਿਖਤ ਖਰੜਿਆਂ ਤੇ ਦਸਤਾਵੇਜਾਂ ਨੂੰ ਇਤਿਹਾਸਕ ਮਾਪ-ਦੰਡਾਂ ਅਨੁਸਾਰ ਜਾਂਚਣ-ਪਰਖਣ ਦਾ ਵਿਸ਼ੇਸ਼ ਸ਼ੌਕ ਹੈ। ਆਪ ਨੂੰ ਸਿੱਖ ਇਤਿਹਾਸ ਦੇ ਗੁਰਮੁਖੀ, ਰਾਜਸਥਾਨੀ ਤੇ ਫਾਰਸੀ ਮੁੱਢਲੇ ਤੇ ਸਮਕਾਲੀ ਸਰੋਤਾਂ ਨੂੰ ਘੋਖਣ-ਪਰਖਣ ਵਿਚ ਵਿਸੇਸ ਮੁਹਾਰਤ ਪ੍ਰਾਪਤ ਹੈ।

ਪ੍ਰੋਫੈਸਰ ਢਿੱਲੋਂ ਨੇ ਇਨ੍ਹਾਂ ਸਰੋਤਾਂ ਦੇ ਦੀਰਘ ਅਧਿਐਨ ਰਾਹੀਂ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਦੇ ਪੇਚੀਦਾ ਮਸਲਿਆਂ ਸੁਲਝਾਉਣ ਤੋਂ ਇਲਾਵਾ ਸਿੱਖ ਧਰਮ ਅਧਿਐਨ ਦੇ ਕਈ ਹਨੇਰੇ ਪੱਖਾਂ ਨੂੰ ਰੁਸਨਾਉਣ ਦਾ ਕਾਰਜ ਕੀਤਾ ਹੈ। ਮੁਕੰਮਲ, ਸੰਜੀਦਾ ਤੇ ਵਿਸਤਿ੍ਰਤ ਅਧਿਐਨ, ਵਿਧੀਵਤ ਅੰਤਰ-ਅਨੁਸ਼ਾਸਨੀ ਪਹੁੰਚ ਵਿਧੀ, ਡੂੰਘੀ ਲਗਨ ਤੇ ਬੇਲਾਗ ਅਕਾਦਮਿਕ ਪ੍ਰਤਿਬੱਧਤਾ ਰਾਹੀਂ ਪ੍ਰੋਫੈਸਰ ਬਲਵੰਤ ਸਿੰਘ ਢਿੱਲੋਂ ਨੇ ਇਕ ਮੋਹਰੀ ਸਿੱਖ ਵਿਦਵਾਨ ਵਜੋਂ ਪਛਾਣ ਸਥਾਪਤ ਕਰ ਲਈ ਹੈ। ਉਨ੍ਹਾਂ ਦੀ ਕਲਮ ਤੋਂ ‘‘ਪ੍ਰਮੁੱਖ ਸਿੱਖ ਤੇ ਸਿੱਖ ਪੰਥ’’ (ਗੁਰੂ ਹਰਗੋਬਿੰਦ ਕਾਲ), ‘ਸ੍ਰੀ ਗੁਰੂ ਅਮਰਦਾਸ ਅਭਿਨੰਦਨ’, ‘ਸ੍ਰੀ ਗੁਰ ਪੰਥ ਪ੍ਰਕਾਸ਼ ਿਤ ਸ. ਰਤਨ ਸਿੰਘ ਭੰਗੂ (ਸੰਪਾਦਨ)’, ‘ਬੰਦਾ ਸਿੰਘ ਬਹਾਦਰ ਫਾਰਸੀ ਸਰੋਤ’, ‘ਅਹਵਾਲ-ਉਲ-ਖਵਾਕੀਨ ਿਤ ਮੁਹੰਮਦ ਕਾਸਿਮ ਔਰੰਗਾਬਾਦੀ’, ‘ਹਕੀਕਤ-ਏ-ਸਿੱਖਾਂ’, ‘ਗੁਰੂ ਤੇਗ ਬਹਾਦਰ: ਵਿਰਸਾ ਤੇ ਵਿਰਾਸਤ’ ਪੁਸਤਕਾਂ ਦੀ ਸਿਰਜਣਾ ਹੋ ਚੁੱਕੀ ਹੈ। ਹੱਥਲਾ ਅਧਿਐਨ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਾਰਸੀ ਸਰੋਤਾਂ ਦੀ ਪੰਜਾਬੀ ਭਾਸ਼ਾ ’ਚ ਆਪਣੀ ਕਿਸਮ ਦਾ ਪਹਿਲਾ, ਵਿਸ਼ੇਸ਼ ਤੇ ਵਿਸਤਰਿਤ ਅਧਿਐਨ ਹੈ ਜਿਸ ਦਾ ਫ਼ਾਇਦਾ ਸੂਝਵਾਨ ਪਾਠਕਾਂ ਵਿਸ਼ੇਸ਼ ਕਰਕੇ ਇਤਿਹਾਸਕ ਖੋਜਾਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਇਸ ਪੁਸਤਕ ਦੇ ਕੁੱਲ 391 ਸਫ਼ੇ ਹਨ। ਮੁੱਲ 650 ਰੁਪਏ ਹੈ ਅਤੇ ਪ੍ਰਕਾਸ਼ਨਾ ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ,ਅੰਮਿ੍ਰਤਸਰ ਵੱਲੋਂ ਕੀਤੀ ਗਈ ਹੈ ਜੋ ਬਾਕਮਾਲ ਹੈ। ਇਹ ਪੁਸਤਕ ਸਾਂਭਣਯੋਗ ਇਤਿਹਾਸਕ ਦਸਤਾਵੇਜ਼ ਹੈ ਜੋ ਸੂਝਵਾਨ ਪਾਠਕਾਂ ਦੇ ਘਰਾਂ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।

 

Order Online -: https://www.singhbrothers.com/en/sikh-itihas-di-farsi-itihaskari

 

From - Punjabi Jagran Newspaper

By - Jaswinder Singh Bohrhu

Dated - 30.10.2022

ਪੁਸਤਕ ਸੱਭਿਆਚਾਰ ਨੂੰ ਵੱਡੀ ਢਾਹ ਲੱਗਣ ਵਾਲੇ ਦੌਰ ’ਚ ਆਸ ਦੀ ਕਿਰਨ ਹੈ ‘ਸਾਹਿਤ ਸੰਜੀਵਨੀ’, ਆਲਮੀ ਸਾਹਿਤ ਦੇ ਇਤਿਹਾਸ ’ਚ ਹੈ ਮੀਲ ਪੱਥਰ

 Sahit Sanjivani by Jung Bahadur Goyal

Sahit Sanjivani by Jung Bahadur Goyal

 

ਸਾਹਿਤ, ਚਮੁਖੀਏ ਦੀਵੇ ਵਾਂਗ ਮਨ-ਮਸਤਕ ’ਚ ਜਗਮਗਾਹਟ ਪੈਦਾ ਕਰਦਾ ਹੈ। ਸ਼ਬਦ, ਗੰਭੀਰ ਪਾਠਕ ਦੀ ਉਂਗਲੀ ਫੜ ਕੇ ਉਸ ਨੂੰ ਦੇਸ਼-ਦੇਸ਼ਾਂਤਰ ਘੁਮਾ ਦਿੰਦੇ ਹਨ। ਤੀਰਥਾਂ ਦੀ ਜ਼ਿਆਰਤ ਕਰਵਾ ਦਿੰਦੇ ਹਨ। ਢਹਿੰਦੀ ਕਲਾ ’ਚ ਗਏ ਵਿਅਕਤੀ ਲਈ ਸ਼ਬਦ ਪੌੜੀ ਬਣ ਜਾਂਦੇ ਹਨ ਤੇ ਉਹ ਚੜ੍ਹਦੀ ਕਲਾ ’ਚ ਪਹੁੰਚ ਜਾਂਦਾ ਹੈ। ਇਸੇ ਲਈ ਸਾਹਿਤ ਨੂੰ ਸਮਾਜ ਦਾ ਅਨੂਠਾ ਚਿਕਿਤਸਕ ਕਿਹਾ ਜਾਂਦਾ ਹੈ ਜੋ ਰੋਗੀਆਂ/ਮਨੋਰੋਗੀਆਂ ਲਈ ਸੰਜੀਵਨੀ ਤੋਂ ਘੱਟ ਨਹੀਂ ਹੈ। ਸਾਹਿਤ ਸਰਾਪੀ ਜ਼ਿੰਦਗੀ ਲਈ ਵਰਦਾਨ ਸਾਬਤ ਹੁੰਦਾ ਹੈ। ਸੂਰਜ ਅਸਤ ਹੋਣ ਤੋਂ ਬਾਅਦ ਸਾਇਆ ਸਾਥ ਛੱਡ ਜਾਵੇ ਤਾਂ ਸ਼ਬਦਾਂ ਦੀ ਲੋਅ ’ਚ ਉਸ ਨੂੰ ਲੱਭਿਆ ਜਾ ਸਕਦਾ ਹੈ। ਚੰਗੀਆਂ ਪੁਸਤਕਾਂ ਦੀ ਸ਼ਰਣ ’ਚ ਕੋਈ ਖ਼ੁਦ ਨੂੰ ਸ਼ਰਨਾਰਥੀ ਨਹੀਂ ਸਮਝਦਾ। ਉਸ ਦੀ ਦੁਨੀਆ ਉਸ ਦੇ ਆਲੇ-ਦੁਆਲੇ ਹੁੰਦੀ ਹੈ। ਚੰਗਾ ਪਾਠਕ ਇਕ ਜੀਵਨ ’ਚ ਕਈ ਜ਼ਿੰਦਗੀਆਂ ਹੰਢਾ ਲੈਂਦਾ ਹੈ। ਪੁਸਤਕਾਂ ਦੇ ਪਾਤਰਾਂ ਨਾਲ ਪਾਠਕਾਂ ਦੀ ਐਸੀ ਪਕੇਰੀ ਸਾਂਝ ਪੈ ਜਾਂਦੀ ਹੈ ਕਿ ਉਹ ਆਪਸ ’ਚ ਗੁਫ਼ਤਗੂ ਕਰਦੇ ਪ੍ਰਤੀਤ ਹੁੰਦੇ ਹਨ। ਲੇਖਕ ਆਪਣੀ ਅਉਧ ਹੰਢਾ ਕੇ ਇਸ ਫ਼ਾਨੀ ਦੁਨੀਆ ਤੋਂ ਕੂਚ ਕਰ ਜਾਂਦਾ ਹੈ ਪਰ ਸ਼ਬਦਾਂ ਦਾ ਸਰਮਾਇਆ ਪਿੱਛੇ ਰਹਿ ਜਾਂਦਾ ਹੈ। ਪਾਠਕ ਮਰਹੂੁਮ ਲੇਖਕ ਦੇ ਕੰਧਾੜੇ ਚੜ੍ਹ ਕੇ ਬੀਤੇ ਦੇ ਮੇਲੇ ਦਾ ਵੀ ਲੁਤਫ਼ ਉਠਾ ਲੈਂਦਾ ਹੈ। ਸਾਹਿਤ ਦੁਨੀਆ ਦੇ ਅਣਗਿਣਤ ਲੋਕਾਂ ਲਈ ਆਦਿ ਕਾਲ ਤੋਂ ਰਾਹ-ਦਸੇਰਾ ਰਿਹਾ ਹੈ। ਸਾਹਿਤ ਨੇ ਜ਼ਿੰਦਗੀ ਤੋਂ ਹਾਰੇ ਅਣਗਿਣਤ ਲੋਕਾਂ ਨੂੰ ਖ਼ੁਦਕੁਸ਼ੀਆਂ ਕਰਨ ਤੋਂ ਵਰਜਿਆ ਹੈ। ਪ੍ਰੋਢ ਲੇਖਕ ਜੰਗ ਬਹਾਦੁਰ ਗੋਇਲ ਨੇ ਸ਼ਬਦਾਂ ਦੀ ਮਨੁੱਖ ਨੂੰ ਅਦੁੱਤੀ ਦੇਣ ਬਾਰੇ ‘ਸਾਹਿਤ ਸੰਜੀਵਨੀ’ ’ਚ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ। ਉਹ ਲਿਖਦੇ ਹਨ ਕਿ ਮਹਾਨ ਵਿਚਾਰਕਾਂ ਅਤੇ ਲੇਖਕਾਂ ਦੀ ਦਿੱਤੀ ਨਵੀਂ-ਨਰੋਈ ਸੋਚ ਸਦਕਾ ਹੀ ਮਨੁੱਖ ਨੇ ਗੁਫ਼ਾ ਤੋਂ ਪੁਲਾੜ ਤਕ ਦਾ ਸਫ਼ਰ ਤੈਅ ਕੀਤਾ ਹੈ ਅਤੇ ਅਨੇਕਾਂ ਕੁਦਰਤੀ ਅਤੇ ਗ਼ੈਰ-ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕੀਤਾ ਹੈ। ਲੇਖਕ ਕਲਮ ਦੀ ਤਾਕਤ ਨੂੰ ਤਲਵਾਰ ਦੀ ਤਾਕਤ ਨਾਲੋਂ ਕਿਤੇ ਵੱਧ ਸਮਝਦਾ ਹੈ। ਤਲਵਾਰ ਸਿਰ ਕਲਮ ਕਰ ਸਕਦੀ ਹੈ ਪਰ ਸਿਰ ਦੀ ਸੋਚ ਨੂੰ ਨਹੀਂ ਬਦਲ ਸਕਦੀ। ਫਰਾਂਸ ਦਾ ਸਮਰਾਟ ਨੈਪੋਲੀਅਨ ਬੋਨਾਪਾਰਟ ਸਾਹਿਤ ਰਸੀਆ ਹੋਣ ਨਾਤੇ ਹਮੇਸ਼ਾ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਯੁੱਧ-ਕਲਾ ਦਾ ਜੀਨੀਅਸ ਮੰਨੇ ਜਾਂਦੇ ਨੈਪੋਲੀਅਨ ਦਾ ਸਾਹਿਤ ਪ੍ਰਤੀ ਪ੍ਰੇਮ ਦਿਲ ਨੂੰ ਟੁੰਬਦਾ ਹੈ। ਉਹ ਸ਼ਸਤਰਾਂ ਦੇ ਨਾਲ-ਨਾਲ ਸ਼ਾਸਤਰਾਂ ਦਾ ਵੀ ਧਨੀ ਸੀ। ਜੰਗ ਬਹਾਦੁਰ ਗੋਇਲ ਦੇ ਕਥਨ ਅਨੁਸਾਰ ਕਿਤਾਬਾਂ ਨੇ ਨੈਪੋਲੀਅਨ ਨੂੰ ਸੁਪਨੇ ਦਿੱਤੇ, ਉਸ ਦੇ ਮਨ-ਮਸਤਕ ਨੂੰ ਰੋਸ਼ਨ ਕੀਤਾ। ਉਹ ਜਦੋਂ ਵੀ ਕਿਸੇ ਮੁਹਿੰਮ ’ਤੇ ਜਾਂਦਾ ਤਾਂ ਉਸ ਦੇ ਜ਼ਰੂਰੀ ਸਾਮਾਨ ਵਿਚ ਮਨ-ਭਾਉਂਦੀਆਂ ਕਿਤਾਬਾਂ ਦੀ ਪੇਟੀ ਵੀ ਸ਼ਾਮਲ ਹੁੰਦੀ। ਰਣਖੇਤਰ ਵਿਚ ਨੈਪੋਲੀਅਨ ਆਪਣੇ ਕੈਂਪ ’ਚ ਬੈਠਾ ਅਕਸਰ ਕੋਈ ਨਾ ਕੋਈ ਕਿਤਾਬ ਪੜ੍ਹਦਾ ਰਹਿੰਦਾ ਤੇ ਆਪਣੀ ਮਾਨਸਿਕ ਬੇਚੈਨੀ/ਪਰੇਸ਼ਾਨੀ ’ਤੇ ਕਾਬੂ ਪਾਉਂਦਾ। ਉਹ ਬਹਾਦਰ ਸੈਨਿਕਾਂ ਅਤੇ ਪ੍ਰਬੁੱਧ ਲੇਖਕਾਂ ਦਾ ਸਤਿਕਾਰ ਕਰਨਾ ਜਾਣਦਾ ਸੀ। ਜਰਮਨ ਦੇ ਮਹਾਨ ਲੇਖਕ ਗੇਟੇ ਦੀ ਕਲਮ ਨੂੰ ਉਸ ਦੇ ਦੇਸ਼ ’ਤੇ ਫ਼ਤਿਹ ਹਾਸਲ ਕਰਨ ਤੋਂ ਬਾਅਦ ਵੀ ਨਹੀਂ ਭੁੱਲਦਾ। ਗੇਟੇ ਦੇ ਸ਼ਹਿਰ ਵੇਮਰ ਵਿਖੇ ਰੂਸ ਦੇ ਜ਼ਾਰ ਨਾਲ ਸੰਧੀ ਕਰਨ ਵੇਲੇ ਉਹ ਲੇਖਕ (ਗੇਟੇ) ਨੂੰ ਉਚੇਚਾ ਤਪਾਕ ਨਾਲ ਮਿਲ ਕੇ ਕਹਿੰਦਾ ਹੈ, ‘‘ ਤਾਂ ਤੁਸੀਂ ਗੇਟੇ ਹੋ, ਉਹ ਲੇਖਕ, ਜਿਸ ਸਾਹਮਣੇ ਮੈਂ ਆਪਣਾ ਸਿਰ ਝੁਕਾਉਂਦਾ ਹਾਂ।’’ ਜਿਸ ਬਾਦਸ਼ਾਹ ਸਾਹਮਣੇ ਵੱਡੇ-ਵੱਡੇ ਦੇਸ਼ਾਂ ਦੇ ਜਰਨੈਲ ਅਤੇ ਰਾਜੇ-ਮਹਾਰਾਜੇ ਸਿਰ ਝੁਕਾਉਂਦੇ ਸਨ, ਉਸ ਨੇ ਲੇਖਕ ਸਾਹਮਣੇ ਸਿਰ ਝੁਕਾਇਆ ਸੀ। ਤਲਵਾਰ ਨੇ ਕਲਮ ਨੂੰ ਸਲਾਮ ਕੀਤਾ ਸੀ। ਵਾਟਰਲੂ ਦੇ ਮੈਦਾਨ ’ਚ ਹਾਰ ਪਿੱਛੋਂ ਉਸ ਨੇ ਆਤਮ-ਸਮਰਪਣ ਕੀਤਾ ਤਾਂ ਉਸ ਨੂੰ ਸਾਥੀਆਂ ਸਣੇ ਅਟਲਾਂਟਿਕ ਸਮੁੰਦਰ ਦੇ ਇਕ ਸੁੰਨਸਾਨ ਟਾਪੂ ਭੇਜ ਦਿੱਤਾ। ਬਨਵਾਸ ਦੌਰਾਨ ਵੀ ਪੁਸਤਕਾਂ ਉਸ ਦੇ ਅੰਗ-ਸੰਗ ਰਹੀਆਂ। ਆਪਣੀ ਵਸੀਹਤ ਵਿਚ ਨੈਪੋਲੀਅਨ ਨੇ 400 ਤੋਂ ਵੱਧ ਮਨ-ਪਸੰਦ ਪੁਸਤਕਾਂ ਆਪਣੇ ਪੁੱਤਰ ਦੇ ਨਾਮ ਕੀਤੀਆਂ ਸਨ। ਦਰਅਸਲ ਸਾਹਿਤ ਸੰਜੀਵਨੀ ਦੇ ਲੇਖਕ ਦਾ ਆਪਣਾ ਜੀਵਨ ਵਾਵਰੋਲਿਆਂ ਅਤੇ ਤੂਫ਼ਾਨਾਂ ’ਚ ਘਿਰਿਆ ਰਿਹਾ ਹੈ। ਸਾਹਿਤ ਚਾਨਣ-ਮੁਨਾਰੇ ਵਾਂਗ ਉਸ ਦਾ ਰਾਹ ਦਸੇਰਾ ਬਣਦਾ ਰਿਹਾ। ਘੋਰ ਸੰਕਟ ਦੀ ਘੜੀ ’ਚ ਡਾ. ਧਰਮਵੀਰ ਭਾਰਤੀ ਦੀ ਕਵਿਤਾ ‘ਆਤਮ ਹੱਤਿਆ ਸੇ ਲੌਟਤੇ ਹੂਏ’ ਉਸ ਨੇ ਨਾ ਪੜ੍ਹੀ ਹੁੰਦੀ ਤਾਂ ਕੋਈ ਨਾ ਕੋਈ ਭਾਣਾ ਵਰਤ ਜਾਣਾ ਸੀ। ਉਸ ਨੂੰ ਮਹਿਸੂਸ ਹੋਇਆ ਜਿਵੇਂ ਨਜ਼ਮ ਸਿਰਫ਼ ਤੇ ਸਿਰਫ਼ ਉਸੇ ਲਈ ਲਿਖੀ ਗਈ ਹੋਵੇ : ਮੈਂ ਨਹੀਂ ਮਰੂੰਗਾ/ਜ਼ਿੰਦਗੀ ਭੀ ਕਯਾ ਕਹੇਗੀ /ਕਿਤਨਾ ਦਗ਼ਾਬਾਜ਼ ਥਾ! ਨਿੱਕੀ ਜਿਹੀ ਇਹ ਕਵਿਤਾ ਜੀਵਨ ਰੱਖਿਅਕ ਦਵਾਈ ਵਾਂਗ ਦਿਲੋ-ਦਿਮਾਗ਼ ’ਤੇ ਫੌਰੀ ਅਸਰ ਕਰਦੀ ਹੈ ਤੇ ਉਹ ਕਾਲੀ-ਸਿਆਹ ਗੁਫ਼ਾ ’ਚੋਂ ਬਾਹਰ ਨਿਕਲ ਕੇ ਮੁੜ ਜ਼ਿੰਦਗੀ ਦੇ ਰੋਸ਼ਨ ਰਾਹਾਂ ’ਤੇ ਪੈ ਜਾਂਦਾ ਹੈ। ਸਾਹਿਤ ਸੰਜੀਵਨੀ ’ਚ ‘ਬਿਬਲਿਓਥੈਰੇਪੀ’ (ਪੁਸਤਕ- ਚਿਕਿਤਸਾ) ਬਾਰੇ ਬੇਹੱਦ ਮੁੱਲਵਾਨ ਤੇ ਭਰਪੂਰ ਜਾਣਕਾਰੀ ਮਿਲਦੀ ਹੈ ਜਿਸ ’ਤੇ ਪਹਿਲਾਂ ਕਿਸੇ ਪੰਜਾਬੀ ਲੇਖਕ ਨੇ ਹੱਥ ਨਹੀਂ ਅਜ਼ਮਾਇਆ। ਯੂਨਾਨ ’ਚ ‘ਨਾਟਸ਼ਾਲਾ’ ਅਤੇ ‘ਦਵਾਖ਼ਾਨਾ’ ਨਾਲੋ-ਨਾਲ ਸਥਿਤ ਹੁੰਦੇ ਸਨ। ‘ਨਾਟਸ਼ਾਲਾ’ ਰੂਹਾਨੀ ਰੋਗਾਂ ਦਾ ਇਲਾਜ ਕਰਦੀ ਸੀ ਤੇ ‘ਯੂਨਾਨੀ ਦਵਾਖ਼ਾਨਾ’ ਜਿਸਮਾਨੀ ਰੋਗਾਂ ਦਾ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਯੂਰਪ ਦੇ ਅਨੇਕ ਦੇਸ਼ਾਂ ਦੇ ਹਸਪਤਾਲ ਜ਼ਖ਼ਮੀ ਸੈਨਿਕਾਂ ਨਾਲ ਭਰ ਗਏ ਤਾਂ ਆਹਤਾਂ ਨੂੰ ਹਸਪਤਾਲਾਂ ਦੇ ਨਾਲ-ਨਾਲ ਲਾਇਬ੍ਰੇਰੀਆਂ ਦੀ ਲੋੋੜ ਪਈ। ਪੁਸਤਕ ’ਚ ਦੁਨੀਆ ਦੇ ਕਈ ਚਿਕਿਤਸਕਾਂ ਅਤੇ ਵਿਦਵਾਨਾਂ ਦੇ ਕਥਨ ਦਰਜ ਹਨ ਜੋ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਸਾਹਿਤ ਸੰਜੀਵਨੀ ਵਾਂਗ ਰੋਗੀਆਂ ਤੇ ਮਨੋਰੋਗੀਆਂ ਦੇ ਦੁੱਖ-ਦਰਦ ਹਰ ਲੈਂਦਾ ਹੈ। ਇਸੇ ਕੜੀ ’ਚ ਯੌਰਕ ਯੂਨੀਵਰਸਿਟੀ, ਕੈਨੇਡਾ ਦੇ ਮਨੋਵਿਗਿਆਨੀ ਪ੍ਰੋਫੈਸਰ ਡਾ. ਰੇਮੰਡ ਮਾਰ ਦਾ ਕਥਨ ਅਰਥ-ਭਰਪੂਰ ਹੈ, ‘ਗਲਪ-ਸਾਹਿਤ ਪੜ੍ਹਨ ਨਾਲ ਹਮਦਰਦੀ ਅਤੇ ਸੰਵੇਦਨਾ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਜੋ ਸਿਹਤਮੰਦ ਰਿਸ਼ਤਿਆਂ ਦਾ ਆਧਾਰ ਬਣਦੀਆਂ ਹਨ। ਉਨ੍ਹਾਂ ਦੇ ਕਥਾ-ਸੰਸਾਰ ਦੇ ਕਿਰਦਾਰਾਂ ਨਾਲ ਭਾਵਨਾਤਮਿਕ ਸਾਂਝ ਪੈਦਾ ਹੁੰਦੀ ਹੈ। ਇਹ ਵੇਖਣ ’ਚ ਆਇਆ ਹੈ ਕਿ ਗਲਪ ਸਾਹਿਤ ਵਿਚ ਦਿਲਚਸਪੀ ਰੱਖਣ ਵਾਲੇ ਮਰੀਜ਼ ਉਨ੍ਹਾਂ ਮਰੀਜ਼ਾਂ ਨਾਲੋਂ ਜਲਦੀ ਠੀਕ ਹੋ ਜਾਂਦੇ ਹਨ, ਜਿਨ੍ਹਾਂ ਦੀ ਪੜ੍ਹਨ-ਪੜ੍ਹਾਉਣ ’ਚ ਕੋਈ ਰੁਚੀ ਨਹੀਂ ਹੁੰਦੀ। ਕੈਨੇਡਾ ਦੀ ਯੂਨੀਵਰਸਿਟੀ ਆਫ ਓਟਾਵਾ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਡਾ. ਦੋਮੋਖੀ ਆਬਰੇ ਨੇ ਆਪਣੀ ਪੁਸਤਕ ‘ਰੀਡਿੰਗ ਐਸ ਥੈਰੇਪੀ’ ਵਿਚ ਕਿਹਾ ਹੈ ਕਿ ਗਲਪ ਸਾਹਿਤ ਦੇ ਅਧਿਐਨ ਨਾਲ ਦਿਮਾਗ਼ ਨਵੇਂ ਤੋਂ ਨਵੇਂ ਸਾਂਚੇ ਵਿਚ ਢਲਦਾ ਰਹਿੰਦਾ ਹੈ। ਆਦਮੀ ਉਸ ਸਮੇਂ ਬੁੱਢਾ ਹੁੰਦਾ ਹੈ, ਜਦੋਂ ਉਸ ਦੇ ਵਿਚਾਰਾਂ ਵਿਚ ਖੜੋਤ ਆ ਜਾਂਦੀ ਹੈ। ਸਾਹਿਤ ਪੜ੍ਹਨ ਵਾਲੇ ਹਮੇਸ਼ਾ ਨਵੇਂ-ਨਰੋਏ ਵਿਚਾਰ ਗ੍ਰਹਿਣ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਦਿਮਾਗ਼ ਕਿਰਿਆਸ਼ੀਲ ਰਹਿੰਦਾ ਹੈ ਤੇ ਉਹ ਡਿਮੈਂਸ਼ੀਆ (ਭੁੱਲਣ ਦੀ ਬਿਮਾਰੀ) ਤੋਂ ਗ੍ਰਸਤ ਨਹੀਂ ਹੁੰਦੇ। ਇਕ ਹੋਰ ਖੋਜ ਅਨੁਸਾਰ ਕਲਾਸਿਕ ਸਾਹਿਤਕ ਕ੍ਰਿਤੀਆਂ ਰਾਹੀਂ ਬਿਮਾਰੀਆਂ ਨਾਲ ਘੁਲਦੇ ਮਰੀਜ਼ਾਂ ਵਿਚ ਉਸਾਰੂ ਸੋਚ ਪੈਦਾ ਹੁੰਦੀ ਹੈ। ਸ਼ਬਦਾਂ ਦੀ ਚਿਕਿਤਸਕ ਤਾਕਤ ਵਿਚ ਵਿਸ਼ਵਾਸ ਰੱਖਣ ਵਾਲੇ ਖ਼ਤਰਨਾਕ ਤੋਂ ਖ਼ਤਰਨਾਕ ਬਿਮਾਰੀਆਂ ਨਾਲ ਦਸਤਪੰਜਾ ਲੈ ਸਕਦੇ ਹਨ। ਉਹ ਅਤੀਤ ਦੇ ਸਰਵੋਤਮ ਕਵੀਆਂ ਦੇ ਉੱਤਮ ਬੋਲਾਂ ਰਾਹੀਂ ਹਨੇਰੇ ਵਿਚ ਗੁੰਮ ਲੋਕਾਂ ਦੀ ਜ਼ਿੰਦਗੀ ਰੋਸ਼ਨ ਕਰਦੇ ਹਨ। ਰੀਲਿਟ ਸੈਂਟਰਾਂ ਦੇ ਬੂਹੇ ’ਤੇ ਵੱਡ-ਆਕਾਰੀ ਪੋਸਟਰ ’ਤੇ ਅੰਗਰੇਜ਼ੀ ਦੇ ਮਹਾਨ ਕਵੀ ਜਾਨ ਮਿਲਟਨ ਦੇ ਇਹ ਸ਼ਬਦ ਪ੍ਰੇਰਕ ਹਨ, ‘ਢੁਕਵੇਂ ਸ਼ਬਦ ਦਿਮਾਗ਼ੀ ਰਸੌਲੀ ਦੇ ਅਸਹਿ ਦਰਦ ਨੂੰ ਠੱਲ੍ਹ ਪਾ ਸਕਦੇ ਹਨ ਤੇ ਰਿਸਦੇ ਜ਼ਖ਼ਮਾਂ ਲਈ ਮਰ੍ਹਮ ਬਣ ਸਕਦੇ ਹਨ।’’ ਸੱਚਮੁੱਚ ਹੀ ਪੁਸਤਕਾਂ ਸਾਡੀ ਅੰਤਰ-ਦ੍ਰਿਸ਼ਟੀ ਜਾਗ੍ਰਿਤ ਕਰ ਕੇ ਸਾਨੂੰ ਕਿੰਨੀਆਂ ਹੀ ਮਾਨਸਿਕ ਗ੍ਰੰਥੀਆਂ ਤੋਂ ਮੁਕਤ ਕਰਦੀਆਂ ਹਨ ਤੇ ਨਵੀਂ ਜੀਵਨ-ਜਾਚ ਦਾ ਸੁਨੇਹਾ ਦਿੰਦੀਆਂ ਹਨ। ਨਵੇਂ ਜ਼ਾਵੀਏ ਤੋਂ ਜ਼ਿੰਦਗੀ ਨੂੰ ਵਾਚਣ ਦਾ ਢੰਗ-ਤਰੀਕਾ ਦੱਸਦੀਆਂ ਹਲ ਤੇ ਮਾਨਸਿਕ ਤਰੇੜਾਂ ਨੂੰ ਭਰਨ ’ਚ ਸਹਾਈ ਹੁੰਦੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਜੁੜੇ ਲੇਖਕ ਮਾਨਸਰੋਵਰ ਦੇ ਹੰਸਾਂ ਵਾਂਗ ਮੋਤੀ ਚੁਗਦੇ ਹਨ। ਸ਼ਬਦਾਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਣ ਵਾਲੇ ਲੇਖਕ ਹੀ ਅਜਿਹਾ ਸਾਹਿਤ ਰਚਦੇ ਹਨ ਜੋ ਦੁਖਿਆਰਿਆਂ ਲਈ ਸੰਜੀਵਨੀ ਦਾ ਕੰਮ ਕਰਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ’ਚ ਪੁਸਤਕ ਸੱਭਿਆਚਾਰ ਨੂੰ ਵੱਡੀ ਢਾਹ ਲੱਗ ਰਹੀ ਹੈ। ‘ਸਾਹਿਤ ਸੰਜੀਵਨੀ’ ਆਸ ਦੀ ਕਿਰਨ ਵਾਂਗ ਲੱਗ ਰਹੀ ਹੈ। ਬਕੌਲ ਸੁਰਜੀਤ ਪਾਤਰ, ‘‘ਸਾਹਿਤ ਸੰਜੀਵਨੀ ਦੇ ਬਹੁਤੇ ਹਿੱਸੇ ਨੂੰ ਗਲਪ ਨਾਲੋਂ ਵੀ ਵੱਧ ਦਿਲਚਸਪੀ ਨਾਲ ਪੜ੍ਹ ਸਕਦੇ ਹਾਂ। ਸਾਹਿਤ ਰਚਨ ਅਤੇ ਪੜ੍ਹਨ ਦੇ ਮਾਨਸਿਕ ਅਤੇ ਆਤਮਿਕ ਪਹਿਲੂ ਬਾਰੇ ਅਜਿਹੀ ਕੋਈ ਕਿਤਾਬ ਮੇਰੀਆਂ ਨਜ਼ਰਾਂ ’ਚੋਂ ਅਜੇ ਤਕ ਨਹੀਂ ਗੁਜ਼ਰੀ।’’

 Order Online -: https://www.singhbrothers.com/en/sahit-sanjivani

From - Punjabi Jagran Newspaper

By - Varinder Singh Walia

Dated - 30.10.2022

ਕਰਤਾਰਪੁਰ ਦੀ ਸਿੱਖ ਵਿਰਸੇ ਵਿਚ ਅਹਿਮੀਅਤ ਬਿਆਨਦਾ ਦਸਤਾਵੇਜ਼

Kartarpur Da Virsa

Kartarpur Da Virsa by Prithipal Singh Kapur

 

ਪੰਜਾਬੀ ਦੇ ਵਿਦਵਾਨ ਅਤੇ ਸਿੱਖ ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ ਦੁਆਰਾ ਰਚਿਤਕਰਤਾਰਪੁਰ ਦਾ ਵਿਰਸਾ ਸਿੱਖ ਧਰਮ ਅਤੇ ਗੁਰਮਤਿ ਇਤਿਹਾਸ ਨਾਲ ਸਬੰਧਿਤ ਖੋਜ ਭਰਪੂਰ ਪੁਸਤਕ ਹੈ । ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਧਰਮ, ਇਤਿਹਾਸ, ਵਿਰਸਾ, ਗੁਰਮਤਿ ਵਿਚਾਰਧਾਰਾ ਆਦਿ ਖੇਤਰਾਂ ਵਿਚ ਕਾਫ਼ੀ ਅਧਿਐਨ ਕੀਤਾ ਹੈ । ਇਸ ਖੇਤਰ ਵਿਚ ਉਨ੍ਹਾਂ ਦੀਆਂ ਹੁਣ ਤਕ ਮੌਲਿਕ, ਸੰਪਾਦਿਤ ਅਤੇ ਅਨੁਵਾਦਿਤ ਰੂਪ ਵਿਚ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਸੂਚੀ ਕਾਫੀ ਲੰਬੀ ਹੈ ।ਕਰਤਾਰਪੁਰ ਦਾ ਵਿਰਸਾਪੁਸਤਕਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ । ਇਸ ਪੁਸਤਕ ਦੇ ਮੁੱਖਬੰਧ ਉਪਰੰਤ ਕ੍ਰਮਵਾਰ 8 ਅਧਿਆਇ ਇਸ ਪ੍ਰਕਾਰ ਹਨ: 1. ਪ੍ਰਵੇਸ਼ਕਾ, 2. ਬਾਬਾਣੀਆ ਕਹਾਣੀਆਂ, 3. ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ: ਇਤਿਹਾਸਕ ਪਰਿਪੇਖ, 4. ਕਰਤਾਰਪੁਰ ਵਸਾਉਣਾ: ਵਿਚਾਰ ਤੇ ਦੈਵੀ ਬਸਤੀ ਤਕ, 5. ਕਰਤਾਰਪੁਰ ਦਾ ਵਿਰਸਾ, 6. ਕਰਤਾਰਪੁਰ ਦੀਆਂ ਪ੍ਰਮੁੱਖ ਇਤਿਹਾਸਕ ਘਟਨਾਵਾਂ, 7. ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, 8.ਕਰਤਾਰਪੁਰ- ਡੇਰਾ ਬਾਬਾ ਨਾਨਕ ਲਾਂਘੇ ਦੀ ਵਿੱਥਿਆ । ਅਖੀਰ ਵਿਚ ਅੰਤਿਕਾਵਾਂ ਉਪਰੰਤ ਚੋਣਵੀਂ ਪੁਸਤਕਾਵਲੀ ਹੈ ਜੋ ਇਸ ਪੁਸਤਕ ਦੇ ਖੋਜ ਹਵਾਲਿਆਂ ਦਾ ਆਧਾਰ ਬਣੀ ਹੈ ।

 

ਹੱਥਲੀ ਪੁਸਤਕ ਦੇ ਆਰੰਭ ਵਿਚ ਲੇਖਕ ਕਰਤਾਰਪੁਰ ਦੀ ਸਿੱਖ ਵਿਰਸੇ ਵਿਚ ਅਹਿਮੀਅਤ ਬਾਰੇ ਲਿਖਦੇ ਹਨ;ਗੁਰੂ ਨਾਨਕ ਸਾਹਿਬ ਮਨੁੱਖੀ ਜੀਵਨ ਦੇ ਹਰੇਕ ਪਹਿਲੂ ਦੀ ਘੋਖਵੀਂ ਜਾਂਚ ਕਰਨ ਉਪਰੰਤ ਹੀ ਆਪਣੀ ਪ੍ਰਤੀਕਿਰਿਆ ਨਿਰਧਾਰਤ ਕਰਦੇ ਸਨ । ਉਨ੍ਹਾਂ ਦੇ ਉਪਦੇਸ਼ ਦੀ ਮੂਲ ਧਾਰਾ ਆਲਮੀ ਅਤੇ ਸੰਗਤੀ ਹੈ । ਇਸੇ ਸੰਦਰਭ ਵਿਚਸੰਗਤ’ ਨੂੰ ਹੀ ਕਰਤਾਰਪੁਰ ਦੇ ਵਿਰਸੇ ਦਾ ਪ੍ਰਧਾਨ ਚਿੰਨ੍ਹ ਮੰਨਿਆ ਗਿਆ ਹੈ ।” ਦਰਅਸਲ ਵਿਸ਼ਵ ਦੇ ਭੂਗੋਲਿਕ ਨਕਸ਼ੇ ਉੱਥੇ ਕਰਤਾਰਪੁਰ ਉਹ ਧਰਤ ਹੈ ਜਿੱਥੋਂ ਸਿੱਖ ਪੰਥਕ ਸੰਗਠਨ ਦੀ ਮੁੱਢਲੀ ਰੂਪ ਰੇਖਾ ਉਲੀਕੀ ਗਈ ਹੈ । ਲੇਖਕ ਮੁਤਾਬਕ ਆਦਰਸ਼ ਜੀਵਨ ਨਿਰਬਾਹ ਦਾ ਤ੍ਰੈਪੱਖੀ ਸਿੱਖ ਸਿਧਾਂਤ (ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ) ਨੂੰ ਅਮਲੀ ਤੌਰ 'ਤੇ ਇੱਥੇ ਹੀ ਪ੍ਰਗਟ ਕੀਤਾ ਗਿਆ । ਪੰਥਕ ਸੰਗਠਨ ਦੀਆਂ ਮਹੱਤਵਪੂਰਨ ਰਵਾਇਤਾਂ/ਸੰਸਥਾਵਾਂ: ਸੰਗਤ, ਗੁਰਬਾਣੀ, ਕੀਰਤਨ, ਗੁਰਦੁਆਰਾ, ਲੰਗਰ, ਪੰਗਤ ਅਤੇ ਕਾਰ ਸੇਵਾ ਦੀ ਨੁਹਾਰ ਵੀ ਕਰਤਾਰਪੁਰ ਵਿਖੇ ਰੂਪਮਾਨ ਹੋਈ ।

 

ਗੁਰੂ ਨਾਨਕ ਸਾਹਿਬ ਦੀ ਅਗਵਾਈ ਵਿਚ ਦੂਰ-ਗਾਮੀ ਪ੍ਰਭਾਵ ਰੱਖਣ ਵਾਲੀਆਂ ਪ੍ਰਚੰਡ ਸਰਗਰਮੀਆਂ ਵੱਲ ਦੂਸਰੇ ਧਰਮਾਂ (ਵਿਸ਼ੇਸ਼ ਤੌਰ 'ਤੇ ਹਿੰਦੂ/ਮੁਸਲਮਾਨ) ਦੇ ਚਿੰਤਕਾਂ, ਵਿਦਵਾਨਾਂ, ਪ੍ਰਚਾਰਕਾਂ ਨੇ ਗੰਭੀਰਤਾ ਅਤੇ ਫ਼ਿਕਰਮੰਦੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ । ਕਈ ਉੱਘੇ ਪੰਡਤ ਤੇ ਕਾਜ਼ੀ/ਮੁੱਲਾਂ ਕਰਤਾਰਪੁਰ ਪੁੱਜੇ । ਇਸ ਦੇ ਨਾਲ ਹੀ ਲੇਖਕ ਕਪੂਰ ਨੇ ‘ਕਰਤਾਰਪੁਰ ਦੇ ਵਿਰਸੇ’ ਨੂੰ ਪ੍ਰਮੁੱਖ ਇਤਿਹਾਸਕ ਘਟਨਾਵਾਂ ਦੇ ਝਰੋਖੇ ਵਿੱਚੋਂ ਵੇਖਿਆ ਹੈ । ਇਨ੍ਹਾਂ ਘਟਨਾਵਾਂ ਵਿਚ ਭਾਈ ਲਹਿਣੇ ਨੂੰ ਗੁਰਗੱਦੀ ਦੀ ਬਖਸ਼ਿਸ਼, ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਅਤੇ ਭਾਈ ਮਰਦਾਨਾ ਜੀ ਦਾ ਪ੍ਰਲੋਕ ਸਿਧਾਰਣਾ ਅਤੇ ਗੁਰੂ ਬਾਬੇ ਨਾਨਕ ਦਾ ਪ੍ਰਲੋਕ ਸਿਧਾਰਨਾ ਆਦਿ ਪ੍ਰਮੁੱਖ ਹਨ । ਆਖ਼ਰੀ ਅਧਿਆਇ ਵਿਚਕਰਤਾਰਪੁਰ ਡੇਰਾ ਬਾਬਾ ਨਾਨਕ ਲਾਂਘੇ ਦੀ ਵਿਥਿਆ ਦਾ ਜ਼ਿਕਰ ਹੈ, ਜਿਸ ਵਿਚ ਲੇਖਕ ਨੇ ਆਜ਼ਾਦ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵੱਲੋਂ ਤਕਨੀਕੀ ਤੌਰ 'ਤੇ ਲਾਂਘੇ ਨਾਲ ਜੁੜੀਆਂ ਘਟਨਾਵਾਂ, ਕੁਲਦੀਪ ਸਿੰਘ ਵਡਾਲਾ ਵੱਲੋਂ ਕੀਤੀਆਂ ਅਰਦਾਸਾਂ ਰਾਹੀਂ ਚਾਰਾਜੋਈਆਂ ਅਤੇ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਕੀਤੇ ਹੰਭਲਿਆਂ ਦੀ ਸਫਲਤਾ ਦਾ ਜੋ ਜ਼ਿਕਰ ਕੀਤਾ ਹੈ, ਉਹ ਪਾਠਕਾਂ ਲਈ ਜਾਣਕਾਰੀ ਭਰਪੂਰ ਹੈ ।

 

ਕਿਸੇ ਪੁਸਤਕ ਦੀ ਰਚਨਾਤਮਕਤਾ ਦੀ ਪ੍ਰਾਪਤੀ ਪੁਸਤਕ ਦੇ ਅੰਦਰੂਨੀ ਅਤੇ ਬਾਹਰੀ ਕਲਾਤਮਕ ਪੱਖਾਂ ਵਿੱਚੋਂ ਨਜ਼ਰੀਂ ਪੈਂਦੀ ਹੈ । ਇਸ ਪੁਸਤਕ ਦੀ ਅੰਦਰੂਨੀ ਖ਼ੂਬਸੂਰਤੀ ਇਹ ਹੈ ਕਿ ਲੇਖਕ ਨੇ ਇਤਿਹਾਸਕ ਪ੍ਰਮਾਣਾਂ ਨੂੰ ਗੁਰਬਾਣੀ ਦੀਆਂ ਪੰਕਤੀਆਂ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਹੋਰ ਸਾਖੀਆਂ ਨੂੰ ਆਧਾਰ ਬਣਾ ਕੇ ਹਵਾਲਿਆਂ ਦਾ ਜ਼ਿਕਰ ਕੀਤਾ ਹੈ ।

 

ਪੁਸਤਕ ਦੀ ਬਾਹਰੀ ਸੁੰਦਰਤਾ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਅਤੇ ਲਕੀਰੀ ਚਿੱਤਰਾਂ ਦੇ ਹਵਾਲੇ ਨਾਲ ਪੇਸ਼ ਕੀਤਾ ਹੈ ਜੋ ਕਿ ਪੁਸਤਕ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ । ਪੁਸਤਕ ਦੀ ਲੇਖਣੀ ਵਿਚ ਰਵਾਨਗੀ ਅਤੇ ਜਿਗਿਆਸਾ ਹੋਣ ਕਰਕੇ ਪਾਠਕਾਂ ਨੂੰਆਪਣੇ ਨਾਲ ਜੋੜੀ ਰੱਖਦੀ ਹੈ । ਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਇਸ ਪੁਸਤਕ ਦੇ ਕੁੱਲ ਪੰਨੇ 104 ਅਤੇ ਕੀਮਤ: 125/-ਰੁਪਏ ਹੈ । ਧਾਰਮਿਕ ਅਸਥਾਨਾਂ ਦੀ ਜ਼ਿਆਰਤ ਕਰਨ ਵਾਲਿਆਂ ਲਈ ਇਹ ਪੁਸਤਕ ਬਹੁਤ ਲਾਹੇਵੰਦ ਹੈ ਅਤੇ ਆਮ ਪਾਠਕਾਂ ਲਈ ਪੜ੍ਹਨ ਅਤੇ ਸਾਂਭਣਯੋਗ ਹੈ ।

 

Order Online -: https://www.singhbrothers.com/en/kartarpur-da-virsa

 

From - Punjabi Jagran Newspaper

By - Dr. Balwinder Singh Thind

Dated - 16.10.2022

ਪੰਜਾਬ ਦੀ ਪੇਸ਼ਕਾਰੀ ਤੇ ਹਕੀਕਤ ਦਰਮਿਆਨ ਪਾੜੇ ਦੀ ਤਸਵੀਰਕਸ਼ੀ

ਪੰਜਾਬ ਦੇ ਸੱਭਿਆਚਾਰ, ਸਾਹਿਤ ਜਾਂ ਇਤਿਹਾਸਕ ਪੱਖ ਦੀ ਜਦੋਂ ਵੀ ਗੱਲ ਚਲਦੀ ਹੈ ਤਾਂ ਇਹੋ ਜਿਹਾ ਮੂੰਹ-ਮੁਹਾਂਦਰਾ ਇਹ ਸਾਨੂੰ ਦਿਖਾਉਂਦਾ ਹੈ ਹਕੀਕੀ ਰੂਪ ਇਸ ਦੇ ਉਲਟ ਹੁੰਦਾ ਹੈ ਕਿਉਂਕਿ ਪੰਜਾਬ ਦਾ ਸੱਭਿਆਚਾਰ, ਰਹਿਣ-ਸਹਿਣ ਤੇ ਭੂਗੋਲਿਕ ਸਥਿਤੀਆਂ ਬਹੁ-ਪਰਤੀ ਹਨ ਇਸ ਦੀ ਥਾਹ ਪਾਉਣੀ ਇੰਨੀ ਸੌਖੀ ਗੱਲ ਨਹੀਂ ।

ਇਸ ਬਾਰੇ ਜਾਣਨ ਲਈ ਇਸ ਦੀਆਂ ਪਰਤਾਂ ਫੋਲਣੀਆਂ ਪੈਣਗੀਆਂ ਜਿਸ ਲਈ ਇਸ ਦੇ ਵਿਹੜਿਆਂ, ਪਿੰਡਾਂ, ਖੇਤਾਂ, ਆਪਣੀ ਹੋਂਦ ਨੂੰ ਬਣਾਈ ਰੱਖਣ ਤੇ ਰੋਜ਼ੀ ਰੋਟੀ ਲਈ ਸੰਘਰਸ਼ ਕਰਦੇ ਲੋਕਾਂ ਤਕ ਪਹੁੰਚ ਕਰਨੀ ਪਵੇਗਾ ਤੇ ਇਹ ਪਹੁੰਚ ਉਹੀ ਕਰੇਗਾ । ਜਿਸ ਦੇ ਦਿਲ 'ਚ ਪੰਜਾਬ ਦੀ ਗੁੰਝਲਦਾਰ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਸਥਿਤੀ ਬਾਰੇ ਜਾਣਨ ਦੀ ਇੱਛਾ ਹੋਵੇਗੀ ।

ਅਜਿਹੀ ਹੀ ਜਗਿਆਸਾ ਪੂਰਤੀ ਲਈ 2015 ਵਿਚ ਅਮਨਦੀਪ ਸੰਧੂ ਨੇ ਪੰਜਾਬ ਬਾਰੇ ਆਪਣੇ ਸੱਖਣੇਪਣ ਨੂੰ ਭਰਨ ਲਈ ਖੋਜਬੀਣ ਦਾ ਬੀੜਾ ਚੁੱਕਿਆ । ਅਗਲੇ ਤਿੰਨ ਸਾਲ ਸੂਬੇ ਅੰਦਰ ਘੁੰਮਦਿਆਂ ਉਸ ਨੇ ਤੱਕਿਆ ਕਿ ਲੋਕ ਗਾਥਾਵਾਂ ਰਾਹੀਂ ਉਸ ਦੇ ਜ਼ਿਹਨ ਵਿਚ ਵਸੇ ਪੰਜਾਬ ਤੇ ਅਸਲ ਪੰਜਾਬ ਦਰਮਿਆਨ ਬਹੁਤ ਵੱਡਾ ਫ਼ਰਕ ਹੈ ।

ਜਦੋਂ ਅਮਨਦੀਪ ਪੰਜਾਬ ਨੂੰ ਜਾਣਨ ਲਈ ਉਨ੍ਹਾਂ ਰਾਹਾਂ 'ਤੇ ਨਿਕਲਿਆ ਜਿਨ੍ਹਾਂ ਦੀ ਉਹ ਸਾਰ ਵੀ ਨਹੀਂ ਸੀ ਜਾਣਦਾ ਤਾਂ ਉਸ ਨੂੰ ਪਹਿਲਾ ਵਾਕ ਜਿਹੜਾ ਸੁਣਨ ਨੂੰ ਮਿਲਿਆ ਉਹ ਇਹ ਸੀਜੇ ਤੂੰ ਪੰਜਾਬ ਨੂੰ ਜਾਣਨਾ ਚਾਹੁੰਦੇ ਤਾਂ ਲਾਸ਼ਾਂ ਗਿਣਨ ਲਈ ਤਿਆਰ ਹੋ ਜਾਂ ਇਹ ਸ਼ਬਦ ਉਸ ਨੂੰ ਫੋਟੋਗ੍ਰਾਫਰ ਦਾਨਿਸ਼ ਨੇ ਮੇਜ਼ ਦੀ ਦਰਾਜ 'ਚ ਹੱਥ ਮਾਰਦਿਆਂ ਕਹੇ ਸਨ । ਦਾਨਿਸ਼ ਦਾ ਅਜਿਹਾ ਕਹਿਣ ਦਾ ਮਤਲਬ ਅਮਨਦੀਪ ਨੂੰ ਉਸ ਦੇ ਮਿਸ਼ਨ ਤੋਂ ਹਟਣ ਬਾਰੇ ਨਹੀਂ ਸਗੋਂ ਜਿਨ੍ਹਾਂ ਰਾਹਾਂ ਦਾ ਉਹ ਮੁਸਾਫ਼ਰ ਬਣਨ ਜਾ ਰਿਹਾ ਸੀ, ਦੀਆਂ ਸਥਿਤੀਆਂ-ਪ੍ਰਸਥਿਤੀਆਂ ਬਾਰੇ ਅਗਾਹ ਕਰਨਾ ਸੀ ।

ਅਮਨਦੀਪ ਤਿਆਰ ਸੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤੇ ਉਹ ਤੁਰ ਪਿਆ ਪੰਜਾਬ ਦੀਆਂ ਤਹਿਆਂ ਫਰੋਲਣ ਲਈ । ਉਸ ਦੀ ਖੋਜਬੀਨ ਦੇ ਫਲਸਰੂਪ ਵੱਡਅਕਾਰੀ ਪੁਸਤਕਪੰਜਾਥ ਹੋਂਦ ਵਿਚ ਆਈ ਜਿਸ ਦੀ ਭਾਸ਼ਾ ਅੰਗਰੇਜ਼ੀ ਸੀ । ਇਸ ਪੁਸਤਕ ਨੂੰ ਪੰਜਾਬ ਦੇ ਆਮ ਲੋਕਾਂ ਦੀ ਬੋਲੀ ਵਿਚ ਬਦਲਿਆ, ਭਾਵ ਇਸ ਨੂੰ ਅਨੁਵਾਦ ਕੀਤਾ ਹੈ ਪੰਜਾਬੀ ਭਾਸ਼ਾ ਦੀਆਂ ਬਹੁਤ ਹੀ ਸੁਲਝੀਆਂ ਦੋ ਸ਼ਖ਼ਸੀਅਤਾਂ ਯਾਦਵਿੰਦਰ ਸਿੰਘ ਤੇ ਮੰਗਤ ਰਾਮ ਨੇ । ਮਾਤ ਭਾਸ਼ਾ ਵਿਚ ਇਸ ਦਾ ਟਾਈਟਲ ਰੂਪਾਂਤਰਣ ਹੋ ਕੇ ਪੰਜਾਬ-ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਸਾਹਮਣੇ ਆਇਆ ।

ਪੰਜਾਥ ਤੇ ਪੰਜਾਬੀਆਂ ਦੇ ਯਥਾਰਥਕ ਬਿਰਤਾਂਤ ਦੀ ਪੇਸ਼ਕਾਰੀ ਕਰਦੀ ਹੱਥਲੀ ਪੁਸਤਕ ਨੂੰ ਸੋਲਾਂ ਅਧਿਆਇਆਂ ਸੱਟ, ਬੇਰੁਖੀ, ਗੈਸ, ਰੋਗ, ਆਸਥਾ, ਮਰਦਾਨਗੀ, ਦਵਾ, ਪਾਣੀ, ਜ਼ਮੀਨ, ਕਰਜ਼, ਜਾਤ, ਪਤਿਤ, ਬਾਰਡਰ, ਸਿੱਖਿਆ, ਲਾਸ਼ਾਂ, ਜਨਮ ਦਿਨ ਵਿਚ ਪ੍ਰਸਤੁਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਤਿਕਾ ਤੇ ਇਕ ਹੋਰ ਅਧਿਆਇ ਐਲਾਨ ਸ਼ਾਮਲ ਕੀਤਾ ਗਿਆ ਹੈ ।

ਚਾਰ ਸੌ ਚਰੱਨਵੇ ਪੰਨਿਆਂ ਦੀ ਇਸ ਕਿਰਤ ਨੂੰਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ ਤੇ ਇਸ ਦੀ ਕੀਮਤ 750/- ਰੁਪਏ ਰੱਖੀ ਗਈ ਹੈ । ਜਿਸ ਤਰ੍ਹਾਂ ਪੰਜਾਬੀ ਦਾ ਅਖਾਣ ਹੈਘਰ ਦੇ ਭਾਗ ਡਿਓੜੀ ਤੋਂ ਹੀ ਦਿਸ ਪੈਂਦੇ ਹਨ ਇਸ ਤਰ੍ਹਾਂ ਹੀ ਇਹ ਅਖਾਣ ਹੱਥਲੀ ਪੁਸਤਕ ਦੇ ਅਧਿਆਇਆਂ 'ਤੇ ਵੀ ਸੌ ਫੀਸਦੀ ਢੁਕਦੀ ਹੈ । ਪੁਸਤਕ ਦੇ ਆਧਿਆਇ ਦਾ ਟਾਈਟਲ ਖ਼ੁਦ ਬੋਲਦਾ ਹੈ ਕਿ ਇਸ ਦਾ ਵਿਸ਼ਾ ਵਸਤੂ ਜਾਂ ਕਥਾਨਿਕ ਬਿਰਤਾਂਤ ਕੀ ਹੈ । ਇਹ ਲੇਖਕ ਜਾਂ ਅਨੁਵਾਦਕਾਂ ਦੀ ਕਿਰਤ ਦਾ ਅਮੀਰੀ ਗੁਣ ਹੈ ।

ਪੁਸਤਕ ਨੂੰ ਜੇ ਵਿਆਕਰਨ ਰੂਪ ਤੋਂ ਦੇਖੀਏ ਤਾਂ ਇਸ ਦੀ ਭਾਸ਼ਾ ਆਂਚਲਿਕ ਹੈ । ਲੇਖਕ ਜਿਸ ਵੀ ਖੇਤਰ ਵਿਚ ਗਿਆ ਉਥੋਂ ਦੇ ਲੋਕਾਂ ਦੀ ਬੋਲਚਾਲ ਦੀ ਬੋਲੀ ਨੂੰ ਹੀ ਅਪਣਾਇਆ । ਇਹ ਵੀ ਪੁਸਤਕ ਦੀ ਉਪਲੱਬਧੀ ਹੈ । ਵਾਕ ਬਣਤਰ, ਵਾਰਤਾਲਾਪ, ਦ੍ਰਿਸ਼ਟਾਂਤ ਪੁਸਤਕ ਨੂੰ ਰੋਚਕ ਬਣਾਉਂਦੇ ਹਨ ।

ਕਈ ਵਾਰ ਅਨੁਵਾਦਿਤ ਪੁਸਤਕਾਂ ਅਕਾਊ ਜਾਪਦੀਆਂ ਹਨ ਪਰ ਹੱਥਲੀ ਪੁਸਤਕ ਦੇ ਸੰਦਰਭ ਵਿਚ ਇਹ ਗੱਲ ਉਲਟੀ ਜਾਪਦੀ ਹੈ । ਅਜਿਹਾ ਸ਼ਾਇਦ ਇਸ ਲਈ ਵੀ ਹੋ ਸਕਦਾ ਹੈ ਕਿ ਪੁਸਤਕ ਦਾ ਆਪਣੇ ਅਸਲੀ ਰੂਪ ਵਿਚ ਪਾਠਕਾਂ ਦੇ ਹੱਥਾਂ ਵਿਚ ਆਈ ਹੈ । ਕਿਉਂਕਿ ਪੁਸਤਕ ਦਾ ਬੀਜ ਰੂਪ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੈ । ਅਮਨਦੀਪ ਨੇ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਪੰਜਾਬੀ ਵਿਚ ਗੱਲ ਕੀਤੀ, ਪੰਜਾਬ ਨੂੰ ਪੰਜਾਬੀ ਵਿਚ ਜਾਣਿਆ ਤੇ ਫਿਰ ਉਸ ਦਾ ਉਲੱਥਾ ਅੰਗਰੇਜ਼ੀ ਵਿਚ ਕੀਤਾ ਸੋ ਪੁਸਤਕ ਦਾ ਪਹਿਲਾ ਅਨੁਵਾਦ ਤਾਂ ਅਮਨਦੀਪ ਨੇ ਹੀ ਕੀਤਾ ।

ਯਾਦਵਿੰਦਰ ਤੇ ਮੰਗਤ ਰਾਮ ਨੇ ਇਸ ਨੂੰ ਮੁੜ ਇਸ ਦਾ ਮੂਲ ਰੂਪ ਦਿੱਤਾ ਹੈ । ਇਸ ਲਈ ਪੁਸਤਕ ਵਿਚ ਅੰਗਰੇਜ਼ੀ ਤੋਂ ਅਨੁਵਾਦ ਹੋਣਾ ਕਿਤੇ ਵੀ ਨਹੀਂ ਭਾਸਦਾ । ਦੇਖੋ ਉਸ ਦੀ ਭਾਸ਼ਾ ਪਕੜ ਤੇ ਬੇਬਾਕ ਬਿਆਨ ਦਾ ਨਮੂਨਾ:

ਜਾਤ ਦਾ ਸਬੰਧ ਸਟੇਟ ਦੀ ਸਿਆਸਤ ਤੇ ਆਰਥਿਕਤਾ ਨਾਲ ਵੀ ਜੁੜਿਆ ਹੈ । ਮੈਂ ਪੰਜਾਬ ਦਾ ਜੰਮਿਆ-ਪਲਿਆ ਨਹੀਂ । ਏਦਾਂ ਦੀ ਗੱਲ ਨਹੀਂ ਕਿ ਮੈਨੂੰ ਜਾਤ-ਪਾਤ ਦਾ ਪਤਾ ਨਹੀਂ, ਪਰ ਮੇਰੇ ਅੰਦਰ ਇਹ ਸਵਾਲ ਅਕਸਰ ਖੌਰੂ ਪਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਕਰਦੇ ਸਿੱਖ, ਜਾਤ-ਪਾਤ ਨੂੰ ਕਿਵੇਂ ਮੰਨ ਸਕਦੇ ਹਨ? ਇਸ ਤਰ੍ਹਾਂ ਤਾਂ ਲੱਗਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ ਮੰਨਦੇ? ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰੀ ਦੇ ਸਮਾਜ ਦਾ ਤਸੱਵਰ ਮਿਲਦਾ ਹੈ, ਪਰ ਸਮਾਜ ਵਿਚ ਜਿਸ ਤਰ੍ਹਾਂ ਦੀ ਬਰਾਬਰੀ ਹੋਣੀ ਚਾਹੀਦੀ ਹੈ, ਉਹ ਪੰਜਾਬ ਵਿਚ ਦਿਖਾਈ ਨਹੀਂ ਦਿੰਦੀ । ਅੰਦਰਖਾਤੇ ਲੋਕ ਜਾਤ-ਪਾਤ ਨੂੰ ਸਵੀਕਾਰ ਕਰੀ ਬੈਠੇ ਹਨ ।

ਲਾਸ਼ਾਂ ਗਿਣਨ ਲਈ ਤਿਆਰ ਹੋ ਜਾ, ਮੈਨੂੰ ਸਤਪਾਲ ਦਾਨਿਸ਼ ਦਾ ਕਿਹਾ ਚੇਤੇ ਆਇਆ । ਪੰਜਾਬ ਦੇ ਸਫ਼ਰ ਦੌਰਾਨ ਲੋਕਾਂ ਨਾਲ ਕੀਤੀਆਂ ਗੱਲਾਂ ਤੇ ਖ਼ਬਰਾਂ ਚ ਥਾਂ-ਥਾਂ 'ਤੇ ਲਾਸ਼ਾਂ ਮੌਜੂਦ ਸਨ । ਸਾਰੇ ਦੇਸ਼ ਵਿਚ ਹਥਿਆਰਾਂ ਦੇ ਜਿੰਨੇ ਲਾਇਸੈਂਸ ਹਨ, ਉਨ੍ਹਾਂ ਦਾ ਪੰਜਵਾਂ ਹਿੱਸਾ ਇਕੱਲੇ ਪੰਜਾਬ ਵਿਚ ਹੈ ।

ਏਥੇ ਗੱਲ-ਗੱਲ 'ਚ ਬੰਦੂਕ ਦਾ ਜ਼ਿਕਰ ਹੋਣ ਲੱਗਦਾ ਹੈ । ਮੈਂ ਜਿਨ੍ਹਾਂ ਨੂੰ ਵੀ ਮਿਲਿਆ, ਉਨ੍ਹਾਂ ਵਿੱਚੋਂ ਕਈਆਂ ਦੀ ਡੱਬ ਵਿੱਚੋਂ ਪਿਸਤੌਲ ਝਾਕ ਰਹੀ ਹੁੰਦੀ । ਮੇਰਾ ਧਿਆਨ ਹਥਿਆਰ ਵੱਲਜਾਂਦਿਆਂ ਹੀ ਉਹ ਬੰਦਾ ਟੇਢਾ ਜਿਹਾ ਮੁਸਕਰਾਉਂਦਾ ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੱਟਾਂ ਨੇ ਦਲਿਤਾਂ ਨੂੰ ਕੁੱਟਿਆ ਤੇ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ । ਉਨ੍ਹਾਂ ਨੇ ਘਰਾਂ ਦੀਆਂ ਖਿੜਕੀਆਂ, ਘਰੇਲੂ ਸੰਦ-ਸੰਦੇੜਾ, ਪਾਣੀ ਦੀਆਂ ਪਾਈਪਾਂ ਤੇ ਇੱਥੋਂ ਤਕ ਕਿ ਪਸ਼ੂਆਂ ਦੇ ਵੀ ਸੱਟਾਂ ਮਾਰੀਆਂ । ਜੱਟਾਂ ਨੇ ਦਲਿਤ ਔਰਤਾਂ ਨਾਲ ਛੇੜ-ਛਾੜ ਕੀਤੀ ਤੇ ਉਨ੍ਹਾਂ ਨੂੰ ਕੁੱਟਿਆ 40 ਦੇ ਕਰੀਬ ਦਲਿਤ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਨੈ ਦੇ ਸਿਰਾਂ 'ਚ ਸੱਟਾਂ ਸਨ।ਇਕ ਦੀ ਬਾਂਹ ਟੁੱਟੀ ਸੀ ਤੇ ਇਕ ਹੋਰ ਦਾ ਜਥਾੜਾ ਹਿੱਲ ਗਿਆ ਸੀ । ਏਥੇ ਹੀ ਬਸ ਨਹੀਂ । ਦਲਿਤਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ । ਜੱਟਾਂ ਨੇ ਉਨ੍ਹਾਂ ਤੋਂ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ । ਉਨ੍ਹਾਂ ਨੂੰ ਪਸ਼ੂਆਂ ਲਈ ਚਾਰਾ ਲਿਆਉਣ ਤੋਂ ਵਰਜ ਦਿੱਤਾ । ਡਾਕਟਰਾਂ ਨੂੰ ਦਲਿਤਾਂ ਦਾ ਇਲਾਜ ਕਰਨੋਂ ਵੀ ਰੋਕ ਦਿੱਤਾ ।

ਪੁਸਤਕ ਦੇ ਬਿਰਤਾਂਤ ਨੂੰ ਲਗਾਤਾਰ ਪੜ੍ਹੋ ਤਾਂ ਨਾਵਲ ਜਾਪਦਾ ਹੈ । ਅਧਿਆਇਆਂ ਵਿਚ ਵੱਡੀਆਂ ਯਥਾਰਥਕ ਕਹਾਣੀਆਂ ਇਤਿਹਾਸ ਦੇ ਖੋਜਾਰਥੀ ਇਸ ਦਾ ਇਤਿਹਾਸਕ ਪੁਸਤਕ ਵਜੋਂ ਲਾਹਾ ਲੈ ਸਕਦੇ ਹਨ ।

ਅਮਨਦੀਪ ਦੀ ਹੱਥਲੀ ਪੁਸਤਕ ਦੇ ਮਹੱਤਵ ਨੂੰ ਜਾਣਨ ਲਈ ਪੁਸਤਕ ਬਾਰੇ ਵਿਦਵਾਨਾਂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਸਾਹਿਤ ਦੇ ਨਾਲ-ਨਾਲ ਇਤਿਹਾਸ ਵਿਚ ਵੀ ਮੀਲ ਦਾ ਪੱਥਰ ਸਾਬਤ ਹੋਵੇਗੀ । ਦੇਖੋ ਵਿਦਵਾਨਾਂ ਦੇ ਵਿਚਾਰ:

ਸੂਬੇ ਦੇ ਭੂਗੋਲਿਕ ਚੌਗਿਰਦੇ, ਇਸ ਦੀਆਂ ਮਿੱਥਾਂ, ਰਵਾਇਤਾਂ ਤੇ ਲੋਕ ਗੀਤਾਂ ਬਾਰੇ ਨਾਯਾਬ ਬਿਓਰਾ ਪੇਸ਼ ਕਰਦਿਆਂ ਇਹ ਕਿਤਾਬ ਪੰਜਾਬ ਦੀ ਜੱਕੋ-ਤੱਕੀ ਨੂੰ ਸਮਝਣ ਦਾ ਸਬੱਬ ਬਣਦੀ ਹੈ ।

ਇਤਿਹਾਸਕ ਬਿਰਤਾਂਤ ਤੇ ਸਮਕਾਲੀ ਵਰਤਾਰਿਆਂ ਦੀ ਗੰਢ-ਤੁੱਪ ਸਾਨੂੰ ਸੰਕਟਗ੍ਰਸਤ ਸੁਥੇ ਬਾਰੇ ਗਹਿਰੀ ਸਮਝ ਮੁਹੱਈਆ ਕਰਵਾਉਂਦੀ ਹੈ: ਦ ਹਿੰਦੂ

ਪੰਜਾਬ ਦੀ ਸਭ ਤੋਂ ਵੱਡੀ ਵਿਡੰਬਣਾ ਹੈ ਕਿ ਇਸ ਦੀ ਛਾਪ ਇਸ ਦੀਆਂ ਪੈੜਾਂ ਤੋਂ ਵਡੇਰੀ ਹੈ । ਲੇਖਕ ਨੇ ਬਿਨਾਂ ਕਿਸੇ ਦਾ ਪੱਖ ਪੂਰਿਆਂ ਛਾਣ-ਬੀਣ ਕੀਤੀ ਹੈ ਕਿ ਕਿਵੇਂ ਨਵ-ਉਦਾਰਵਾਦੀ ਨੀਤੀਆਂ ਨੇ ਇਸ ਖੇਤੀ ਪ੍ਰਧਾਨ ਸੂਬੇ ਨੂੰ ਖੱਖਰ-ਤੱਖਰ ਕਰ ਦਿੱਤਾ ਹੈ: ਦ ਟ੍ਰਿਬਿਊਨ

ਸਾਹਿਤਕ ਪੱਤਰਕਾਰੀ ਦੀ ਰੂਪ-ਵਿਧਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਇਸ ਪੁਸਤਕ ਦਾ ਬਿਰਤਾਂਤ ਇਤਿਹਾਸਕ ਤੱਥਾਂ 'ਚੋਂ ਨਿਕਲੇ, ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਅਤੇ ਕੀਤੀਆਂ ਯਾਤਰਾਵਾਂ 'ਚੋਂ ਕਸੀਦੇ ਅਨੁਭਵਾਂ ਨਾਲ ਘੁਲ-ਮਿਲ ਕੇ ਪੰਜਾਬ ਨਾਲ ਸਬੰਧਿਤ ਜ਼ਮੀਨੀ ਹਕੀਕਤ ਤੇ ਯਥਾਰਥ ਨੂੰ ਉਘਾੜਦਾ ਹੈ । ਮਨਮੋਹਨ (ਪੰਜਾਬੀ ਕਵੀ ਤੇ ਚਿੰਤਕ) .

ਗੱਲ ਕੀ, ਅਮਨਦੀਪ ਨੇ ਜਿਹੜਾ ਵੀ ਵਿਸ਼ਾ ਲਿਆ ਉਸ 'ਤੇ ਪੂਰੀ ਇਮਾਨਦਾਰੀ, ਸਿਰੜ ਤੇ ਸਿਦਕ ਨਾਲ ਉਸਨੂੰ ਨਿਭਾਇਆ ਹੈ ਤੇ ਬੇਬਾਕ ਹੋ ਕੇ ਲਿਖਿਆ ਹੈ । ਉਹ ਕਿਤੇ ਵੀ ਪੱਖਪਾਤੀ ਨਹੀਂ ਹੁੰਦਾ ਬੇਸ਼ੱਕ ਉਹ ਗੱਲ 84 ਦੀ ਕਰੋ ਜਾਂ ਦਲਿਤਾਂ 'ਤੇ ਉਚ ਜਾਤੀ ਵਲੋਂ ਕੀਤੇ ਅੱਤਿਆਚਾਰ ਦੀ ਗੱਲ ਕਰਦਾ ਹੋਵੇ । ਉਹ ਘੱਟ ਜ਼ਮੀਨੇ ਕਿਸਾਨਾਂ ਦੀ ਗੱਲ ਕਰਨ ਲੱਗਿਆਂ ਆਰਥਿਕ ਤੰਗੀ ਜਾਂ ਥੋੜੀ ਜ਼ਮੀਨ ਕਾਰਨ ਪਰਿਵਾਰਾਂ ਦੀ ਨਿੱਜੀ ਸਾਂਝ ਜਾਂ ਵਰਜਿਤ ਰਿਸ਼ਤਿਆਂ ਦੀ ਵੀਵਿਆਖਿਆ ਕਰ ਦਿੰਦਾ ਹੈ।

 

Order Online -: https://www.singhbrothers.com/en/punjab-jinhan-rahan-di-main-saar-na-janan

 

From - Punjabi Jagran Newspaper

By - Jasvinder Duhda

Dated - 02.10.2022

ਪੰਜਾਬ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਪੁਸਤਕ

 

Punjab : Jinhan Rahan Di Main Saar Na Janan

Punjab : Jinhan Rahan Di Main Saar Na Janan

 

ਇਹ ਪੁਸਤਕ ਪੰਜਾਬ ਦੇ ਇਤਿਹਾਸਕ, ਭੂਗੋਲਿਕ, ਸਮਾਜਕ ਸੱਭਿਆਚਾਰਕ ਅਤੇ ਹਰ ਕਾਲ ਦੀਆਂ ਸਥਿਤੀਆਂ-ਪ੍ਰਸਥਿਤੀਆਂ ਸੰਬੰਧੀ ਸੰਪੂਰਨ ਜਾਣਕਾਰੀ ਦੇਣ ਵਾਲੀ ਅਦੁੱਤੀ ਪੁਸਤਕ ਹੈ । ਜਿਨ੍ਹਾਂ 16 ਅਧਿਆਵਾਂ ਦਾ ਪਾਠ ਕਰਦਿਆਂ ਅਸੀਂ ਪੰਜਾਬ ਨੂੰ ਜਾਣ-ਪਹਿਚਾਣਨ ਹੀ ਲੱਗੇ ਹਾਂ, ਬਲਕਿ ਪੰਜਾਬ ਦੇ ਵਰਤਮਾਨ ਅਤੇ ਅਤੀਤ ਦਾ ਨਿਰਪੱਖ, ਗਿਆਨ-ਵਿਗਿਆਨ ਦ੍ਰਿਸ਼ਟੀ, ਇਤਿਹਾਸ, ਭੂਗੋਲ, ਅਤੀਤ ਅਤੇ ਵਰਤਮਾਨ ਵੀ ਸਮਝਣ ਲੱਗੇ ਹਾਂ। ਪੁਸਤਕ ਵਿੱਚ ਜੋ ਜਾਣਕਾਰੀ ਦੇਣ ਦਾ ਵਧੀਆ ਅਤੇ ਗਿਆਨ-ਵਿਗਿਆਨਕ ਦ੍ਰਿਸ਼ਟੀ ਤੋਂ ਉਪਰਾਲਾ ਕੀਤਾ ਗਿਆ ਹੈ, ਉਸ ਦਾ ਅਧਿਐਨ ਕਰਨ ਉਪਰੰਤ ਅਸੀਂ ਨਿਰਸੰਦੇਹ ਇਹ ਕਹਿ ਸਕਦੇ ਹਾਂ ਕਿ ਸੱਚਮੁੱਚ ਇਹ ਪੁਸਤਕ ਇਤਿਹਾਸਕ, ਸੱਭਿਆਚਾਰਕ, ਇਤਿਹਾਸਕ ਵਰਤਮਾਨ ਦੇ ਅਧਿਐਨ ਲਈ ਬਹੁਤ ਨਿਵੇਕਲੀ ਕਿਸਮ ਦੀ ਪੁਸਤਕ ਹੈ, ਜਿਸ ਨੂੰ ਹੋਰ ਵੀ ਪੰਜਾਬੀ ਨਾਗਰਿਕਾਂ ਨੂੰ ਪੜ੍ਹਨਾ ਅਤੇ ਪੜ੍ਹਾਉਣਾ ਚਾਹੀਦਾ ਹੈ

ਲੇਖਕ ਨੇ ਪੰਜਾਬ ਦੇ ਨਾਜ਼ੁਕ ਨਾ-ਖੁਸ਼ਗਵਾਰ ਦਿਨਾਂ ਦੀਆਂ ਤਸਵੀਰਾਂ, ਤਲਖ-ਹਾਲਤਾਂ ਦਾ ਜ਼ਿਕਰ ਭਾਵਕੀ ਲਹਿਜ਼ੇ ਵਿੱਚ ਕੀਤਾ ਹੈ । ਉਹ ਤਸਵੀਰਾਂ ਦੇਖੀਆਂ ਹਨ, ਜਿਨ੍ਹਾਂ ਦੀ ਯਾਦ ਬੀਤੇ ਦਿਨਾਂ ਦੇ ਨਾਜ਼ੁਕ ਸਮੇਂ ਨਾਲ ਸੰਬੰਧਤ ਹੈ । ਉਸ ਸ਼ਖਸ ਦੀਆਂ ਤਸਵੀਰਾਂ ਦਾ ਉਹ ਜ਼ਿਕਰ ਕਰਦਾ ਹੈ, ਜਿਨ੍ਹਾਂ ਨੂੰ ਦੇਖ-ਸਮਝ ਕੇ ਪੰਜਾਬ ਦੀ ਨਾਜ਼ੁਕ, ਅਸਥਿਰ ਅਤੇ ਡਾਵਾਂਡੋਲ ਸਥਿਤੀ ਦਾ ਲਿਖਤੀ ਨਾਜ਼ੁਕ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ । ਲੇਖਕ ਉਹਨਾਂ ਦਿਨਾਂ ਦੇ ਆਗੂਆਂ ਦੀਆਂ ਤਸਵੀਰਾਂ ਦੇਖ ਬਿਆਨ ਕਰਦਾ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਨਾਜ਼ੁਕ ਸਮੇਂ ਦੇ ਰਾਜਨੀਤੀ ਦੇ ਦੋ ਬੁਲੰਦ ਨੇਤਾਵਾਂ ਵਿਚਕਾਰ ਪਾੜਾ ਵਧ ਰਿਹਾ ਹੈ । ਫੋਟੋਆਂ ਦੇਖ ਜਾਪਦਾ ਸੀ ਕਿ ਤਸਵੀਰਾਂ ਵਿੱਚ ਵਿਖਾਈ ਦਿੰਦੇ ਲੋਕਾਂ ਨੂੰ ਕਾਬੂ ਕਰਨ ਲਈ ਜੋ ਰਸਤਾ ਅਤੇ ਢੰਗ ਅਪਨਾਇਆ ਗਿਆ, ਉਸ ਦੀ ਥਾਂ ਹੋਰ ਅਨੇਕ ਰਸਤੇ ਸਨ, ਜਿਨ੍ਹਾਂ ਨੂੰ ਅਪਨਾ ਕੇ ਉਦੇਸ਼-ਪੂਰਤੀ ਪ੍ਰਾਪਤ ਕੀਤੀ ਜਾ ਸਕਦੀ ਸੀ । ਪੁਸਤਕ ਇਤਿਹਾਸ ਤਾਂ ਹੈ, ਕਿ ਕਥਾ-ਕਹਾਣੀਆਂ, ਅਤੀਤ ਦੇ ਪਰਸੰਗ, ਭਾਵੇਂ ਹੁਣੇ-ਹੁਣੇ ਬੀਤੇ ਅੱਖੀਂ ਦੇਖੇ, ਹੰਡੀ ਹੰਢਾਏ ਹਨ, ਪਰ ਅਤੀਤ ਨਾਲ ਸਬੰਧਤ ਹਨ । ਹੁਣ ਪੰਜਾਬ ਦੇ ਨਾਜ਼ੁਕ ਦੌਰ ਦੇ ਇਹ ਪ੍ਰਸੰਗ ਆਖਰ ਇਤਿਹਾਸ ਬਣ ਚੁੱਕੇ ਹਨ । ਕਰਫਿਊ ਲੱਗੇ ਸ਼ਹਿਰਾਂ ਦੀਆਂ ਘਟਨਾਵਾਂ, ਉਹਨਾਂ ਦਿਨਾਂ ਦੀਆਂ ਤੰਗੀਆਂ-ਤੁਰਸ਼ੀਆਂ ਦੀਆਂ ਘਟਨਾਵਾਂ ਜ਼ਿਕਰ ਕਰਦੇ ਇਹ ਬਿਰਤਾਂਤ, ਪੰਜਾਬ ਦੇ ਜ਼ਖਮੀ ਇਤਿਹਾਸ ਉੱਪਰ ਧੱਬਾ ਬਣ ਚੁੱਕੇ ਹਨ । ਅਨੇਕਾਂ ਪ੍ਰਸੰਗਾਂ ਦੇ ਜਿਉਂਦੇ ਜਾਗਦੇ ਪ੍ਰਸੰਗ, ਲੇਖਕ ਦੇ ਤਨ-ਬੁੱਧੀ ਅਤੇ ਚੇਤਨਾ ਉੱਪਰ ਡੂੰਘੇ ਦਾਗ ਸੱਟ ਬਣ ਕੇ ਕੌੜੀਆਂ ਯਾਦਾਂ ਹੀ ਬਾਕੀ ਹਨ । ਲੇਖਕ ਦਾ ਇਹ ਕਥਨ ਸੱਚ ਬੋਲਦਾ ਹੈ ਕਿ ਅੱਜ ਵਰਗੇ ਨਾਜ਼ੁਕ ਹਾਲਾਤ, ਬੀਤੇ ਇਤਿਹਾਸ ਦੇ ਪ੍ਰਸੰਗ ਬਣ ਕੇ ਰਹਿ ਗਏ ਹਨ, ਜਿਨ੍ਹਾਂ ਨੇ ਸਾਡੇ ਸਭਿਆਚਾਰ ਅਤੇ ਧਾਰਮਿਕ ਸੋਚ ਉੱਪਰ ਘਾਤਕ ਹਮਲੇ ਕੀਤੇ ਸਨ । ਕਾਲ ਪੈਂਦੇ ਰਹੋ, ਬਿਮਾਰੀਆਂ, ਤੰਗੀਆਂ, ਵਿਦੇਸ਼ੀ ਹਮਲਿਆਂ ਨੇ ਸਾਡੇ ਸਥਾਪਤ ਹੋਏ ਸਮਾਜਿਕ ਤੇ ਸਭਿਆਚਾਰਕ ਸੰਬੰਧਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਸਨ । ਲੋਕ ਨਿਹੋਰੇ ਕਰ ਰਹੇ ਸਨ, ‘ਅਸੀਂ ਹਿੰਦੋਸਤਾਨ ਨੂੰ ਬਚਾਇਆ, ਹੁਣ ਹਿੰਦੋਸਤਾਨ ਸਾਨੂੰ ਵਿਸਾਰੀ ਜਾ ਰਿਹਾ ਹੈ ।’  ਇਹ ਕੌੜੇ ਕਥਨ ਉਹਨਾਂ ਮਾਰੂ ਘਟਨਾਵਾਂ ਨੂੰ ਝੱਲਦੇ ਹੋਏ ਲੋਕਾਂ ਦੇ ਧੁਰ ਅੰਦਰੋਂ, ਨਿਹੋਰੇ ਮਾਰ ਕੇ ਨਿਕਲ ਰਹੇ ਸਨ । ਹਾਲਾਤ ਦੇ ਦਰਦ ਜਾਨਣ ਲਈ ਲੋਕਾਂ ਵਿਚ ਘੁੰਮਣਾ ਚਾਹੀਦਾ ਹੈ । ਕਿਧਰੇ ਕੋਈ ਬੇਇਨਸਾਵੀ ਦੇ ਦੁੱਖ ਬੋਲ ਰਹੇ ਹਨ , ਕਿਧਰੇ ਕਿਰਸਾਨ ਮੋਰਚੇ ਲਗਾ ਰਹੇ ਹਨ ।

ਇਸ ਪੁਸਤਕ ਦੇ 16 ਅਧਿਆਇ ਹਨ, ਹਰ ਅਧਿਆਇ ਵਿੱਚ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ਕਾਰਨ ਹਕੂਮਤਾਂ, ਲੋਕ ਆਵਾਜ਼ਾ ਨੂੰ ਕੁਚਲ ਕੇ, ਉਹਨਾਂ ਨੂੰ ਸੰਘਰਸ਼ ਕਰਨ, ਮੋਰਚੇ ਲਾਉਣ, ਮਰਨ-ਵਰਤ ਰੱਖਣ, ਪੁਲਸ ਦੀਆਂ ਤਸ਼ੱਦਦਨੁਮਾ ਵਧੀਕੀਆਂ ਦਾ ਜ਼ਿਕਰ ਹੈ ।

ਰਾਜਨੀਤਕ ਦ੍ਰਿਸ਼ਟੀ ਤੋਂ ਪਿਛਲੇ ਤਿੰਨ ਦਹਾਕੇ ਤੋਂ ਕੇਂਦਰੀ ਸਰਕਾਰ ਸਥਾਪਤ ਹੋਈ ਹੈ । ਸਭ ਕੁਝ ਉਸ ਨੇ ਬਦਲ ਦਿੱਤਾ ਹੈ । ਪਿਛਲੇ ਤਿੰਨ ਦਹਾਕਿਆਂ ਦੀਆਂ ਨੀਤੀਆਂ ਲਈ ਬਦਨੀਅਤ ਬਣ ਕੇ ਉਹਨਾਂ ਆਵਾਜ਼ਾਂ ਨੂੰ ਦਬਾਅ ਰਹੀ ਹੈ, ਜਿਨ੍ਹਾਂ ਨੂੰ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਆਵਾਜ਼ ਕਹਿ ਰਹੇ ਹਾਂ ।

ਲੇਖਕ ਕਦੇ ਇਤਿਹਾਸ ਫਰੋਲਦਾ ਹੈ, ਹੋਏ ਦੰਗਿਆਂ, ਪਏ ਸੋਕਿਆਂ ਕਾਰਨ ਬੰਗਾਲ ਦੇ 43 ਲੱਖ ਲੋਕਾਂ ਦੀ ਮੌਤ ਦੇ ਕੌੜੇ ਸੱਚ ਨੂੰ ਯਾਦ ਕਰਦਾ, ਆਪਣੇ ਸੁਤੰਤਰ ਖਿਆਲਾਂ ਦੀਆਂ ਆਵਾਜ਼ਾਂ ਬੁਲੰਦ ਕਰਦਾ, ਸਮੁੱਚੇ ਦੇਸ਼ ਦੇ ਹਾਲਾਤ ਦਾ ਸੱਚ ਬਿਆਨ ਕਰਦਾ ਹੈ।

ਪੁਸਤਕ ਦੇ ਲੇਖਕ ਨੂੰ ਹਕੀਕਤ ਪਸੰਦ ਲੋਕ ਪੱਖੀ ਨੀਤੀ ਨੂੰ ਜਿਉਂਦਾ ਰੱਖਣ ਲਈ ਕਰੋਧ ਵਿਰੋਧ ਦੀਆਂ ਦਲੀਲਾਂ ਦਿੱਤੀਆਂ ਹਨ । ਪੁਸਤਕ ਇਤਿਹਾਸਕ, ਰਾਜਨੀਤਕ, ਸਭਿਆਚਾਰਕ ਦ੍ਰਿਸ਼ਟੀ ਤੋਂ ਪਾਠਕਾਂ ਨੂੰ ਸੁਚੇਤ ਕਰਦੀ ਹੈ ਕਿ “ਸੁਚੇਤ ਰਹੋ, ਹੱਕ-ਸੱਚ ਦੀ ਰਾਖੀ ਕਰੋ, ਲੋਕ ਮਾਰੂ ਸ਼ਕਤੀਆਂ ਦੀ ਪਛਾਣ ਕਰਕੇ ਉਹਨਾਂ ਦਾ ਵਿਰੋਧ ਕਰੋ।” ਪਾਠਕ ਪੁਸਤਕ ਦੇ ਹਰ ਅਧਿਆਇ ਦੇ ਪਾਠ ਪਿੱਛੋਂ ਅਨੁਭਵ ਕਰਨਗੇ ਕਿ ਸਮੁੱਚੇ ਭਾਰਤ ਵਿੱਚ ਅਸਲ ਰਾਜਨੀਤਕ, ਸਭਿਆਚਾਰਕ, ਆਰਥਿਕ ਹਾਲਾਤ ਖਰਾਬ ਕਰਨ ਦਾ ਕੌਣ ਜ਼ਿੰਮੇਵਾਰ ਹੈ । ਪੁਸਤਕ ਦਾ ਪੰਜਾਬੀ ਅਨੁਵਾਦ ਸਰਲ, ਢੁਕਵਾਂ ਅਤੇ ਲੋਕ ਬੋਲੀ ਅਨੁਸਾਰ ਹੈ ।

 

Order Online -: https://www.singhbrothers.com/en/punjab-jinhan-rahan-di-main-saar-na-janan

 

From - Nawan Zamana Newspaper

By - Dr. Amar Komal

Dated - 02.10.2022