ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਹੱਤਵਪੂਰਨ ਖੋਜ ਕਾਰਜ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਖੋਜ ਵਿਭਾਗ ਹੀ ਯੂਨੀਵਰਸਿਟੀਆਂ ਦੀ ‘ਰੀੜ੍ਹ ਦੀ ਹੱਡੀ’ ਹੁੰਦੇ ਹਨ । ਬੇਸ਼ੱਕ ਡਾ. ਗੰਡਾ ਸਿੰਘ ਨੇ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ-ਵਿਭਾਗ ਵਿਚ ਕੰਮ ਕਰਦਿਆਂ ਫਾਰਸੀ ਗ੍ਰੰਥਾਂ ਦੀ ਵਿਵਰਣਾਤਮਿਕ ਪੁਸਤਕ-ਸੂਚੀ ਤਿਆਰ ਕਰ ਦਿੱਤੀ ਸੀ
Sikh Itihas Di Farsi Itihaskari by Dr. Balwant SIngh Dhillon
ਅਤੇ ਆਪਣੀਆਂ ਪੁਸਤਕਾਂ ਵਿਚ ਬਹੁਤ ਸਾਰੇ ਫਾਰਸੀ ਸਰੋਤਾਂ ਦਾ ਪ੍ਰਯੋਗ ਵੀ ਕੀਤਾ ਸੀ ਪ੍ਰੰਤੂ ਇਸ ਸੋਮੇ ਬਾਰੇ ਸੁਤੰਤਰ ਤੇ ਇਕ ਵੱਖਰੀ ਪੁਸਤਕ ਪ੍ਰਕਾਸ਼ਿਤ ਕਰ ਕੇ ਡਾ. ਢਿੱਲੋਂ ਨੇ ਪੰਜਾਬ ਦੇ ਇਤਿਹਾਸ ਉੱਪਰ ਨਵੀਂ ਰੋਸ਼ਨੀ ਪਾਈ ਹੈ । ਵਿਦਵਾਨ ਲੇਖਕ ਨੇ ਆਪਣੇ ਅਧਿਐਨ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲੇ ਭਾਗ ਵਿਚ ਗੁਰ-ਇਤਿਹਾਸ ਨਾਲ ਸੰਬੰਧਿਤ ਉਨ੍ਹਾਂ ਫਾਰਸੀ ਲੇਖਕਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਸਿੱਖ-ਇਤਿਹਾਸ ਦੇ ਵਿਸ਼ੇ ਨੂੰ ਛੋਹਿਆ ਹੈ । ਦੂਜੇ ਭਾਗ ਵਿਚ ਉਨ੍ਹਾਂ ਫਾਰਸੀ ਪੁਸਤਕਾਂ ਦਾ ਵਿਸ਼ਲੇਸ਼ਣ ਹੈ ਜੋ ਸਿੱਖ ਇਤਿਹਾਸ ਬਾਰੇ ਮੁੱਲਵਾਨ ਟਿੱਪਣੀਆਂ ਕਰਦੀਆਂ ਹਨ । ਅਜਿਹੀਆਂ ਪੁਸਤਕਾਂ ਵਿਚ ‘ਅਕਬਰਨਾਮਾ’ (ਅਬੁਲ ਫ਼ਜਲ), ‘ਤੁਜ਼ਕ-ਏ-ਜਹਾਂਗੀਰੀ’ (ਜਹਾਂਗੀਰ), ‘ਦਬਿਸਤਾਨ-ਏ-ਮਜ਼ਾਹਿਬ’ (ਮੁਬਿਦ ਸ਼ਾਹ), ‘ਖੁਲਾਸਤੁਤ ਤਵਾਰੀਖ’ (ਸੁਜਾਨ ਰਾਇ ਭੰਡਾਰੀ), ‘ਇਬਰਤਨਾਮਾ’ (ਮਿਰਜ਼ਾ ਮੁਹੰਮਦ ਹਾਰਿਸੀ), ‘ਮੁੰਤਖ਼ਬ-ਲ-ਲੁਬਾਬ’ (ਖਾਫੀ ਖਾਨ), ਚਹਾਰ ਗੁਲਸ਼ਨ (ਰਾਇ ਚਤੁਰਮਨ) ਅਤੇ ਸੀਯਰ-ਉਲ-ਮੁਤਾਖਿਰੀਨ (ਗੁਲਾਮ ਹੁਸੇਨ ਖ਼ਾਨ) ਵਰਗੀਆਂ 25-26 ਸਰੋਤ ਪੁਸਤਕਾਂ ਦਾ ਸਰਬਾਂਗੀ ਅਧਿਐਨ ਕੀਤਾ ਗਿਆ ਹੈ । ਫਾਰਸੀ ਭਾਸ਼ਾ ਦੇ ਗਿਆਨ ਵਾਸਤੇ ਡਾ. ਢਿੱਲੋਂ ਨੇ ਡਾ. ਅਮਰਵੰਤ ਸਿੰਘ ਦੀ ਸਹਾਇਤਾ ਲਈ ਹੈ, ਜਿਸ ਦਾ ਉਸ ਨੇ ਸਾਭਾਰ ਉਲੇਖ ਕੀਤਾ ਹੈ । ਡਾ. ਅਮਰਵੰਤ ਸਿੰਘ ਨੇ ਗੁਰੂ ਨਾਨਕ ਦੇਵ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ । ਹਥਲੀ ਪੁਸਤਕ ਵੀ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਨੇਪਰੇ ਚੜ੍ਹੀ ਹੈ ।
Order Online -: https://www.singhbrothers.com/en/sikh-itihas-di-farsi-itihaskari
From - Ajit Newspaper
By - Brahmjagdish Singh
Dated - 06.11.2022