Sahit Sanjivani by Jung Bahadur Goyal
ਸਾਹਿਤ, ਚਮੁਖੀਏ ਦੀਵੇ ਵਾਂਗ ਮਨ-ਮਸਤਕ ’ਚ ਜਗਮਗਾਹਟ ਪੈਦਾ ਕਰਦਾ ਹੈ। ਸ਼ਬਦ, ਗੰਭੀਰ ਪਾਠਕ ਦੀ ਉਂਗਲੀ ਫੜ ਕੇ ਉਸ ਨੂੰ ਦੇਸ਼-ਦੇਸ਼ਾਂਤਰ ਘੁਮਾ ਦਿੰਦੇ ਹਨ। ਤੀਰਥਾਂ ਦੀ ਜ਼ਿਆਰਤ ਕਰਵਾ ਦਿੰਦੇ ਹਨ। ਢਹਿੰਦੀ ਕਲਾ ’ਚ ਗਏ ਵਿਅਕਤੀ ਲਈ ਸ਼ਬਦ ਪੌੜੀ ਬਣ ਜਾਂਦੇ ਹਨ ਤੇ ਉਹ ਚੜ੍ਹਦੀ ਕਲਾ ’ਚ ਪਹੁੰਚ ਜਾਂਦਾ ਹੈ। ਇਸੇ ਲਈ ਸਾਹਿਤ ਨੂੰ ਸਮਾਜ ਦਾ ਅਨੂਠਾ ਚਿਕਿਤਸਕ ਕਿਹਾ ਜਾਂਦਾ ਹੈ ਜੋ ਰੋਗੀਆਂ/ਮਨੋਰੋਗੀਆਂ ਲਈ ਸੰਜੀਵਨੀ ਤੋਂ ਘੱਟ ਨਹੀਂ ਹੈ। ਸਾਹਿਤ ਸਰਾਪੀ ਜ਼ਿੰਦਗੀ ਲਈ ਵਰਦਾਨ ਸਾਬਤ ਹੁੰਦਾ ਹੈ। ਸੂਰਜ ਅਸਤ ਹੋਣ ਤੋਂ ਬਾਅਦ ਸਾਇਆ ਸਾਥ ਛੱਡ ਜਾਵੇ ਤਾਂ ਸ਼ਬਦਾਂ ਦੀ ਲੋਅ ’ਚ ਉਸ ਨੂੰ ਲੱਭਿਆ ਜਾ ਸਕਦਾ ਹੈ। ਚੰਗੀਆਂ ਪੁਸਤਕਾਂ ਦੀ ਸ਼ਰਣ ’ਚ ਕੋਈ ਖ਼ੁਦ ਨੂੰ ਸ਼ਰਨਾਰਥੀ ਨਹੀਂ ਸਮਝਦਾ। ਉਸ ਦੀ ਦੁਨੀਆ ਉਸ ਦੇ ਆਲੇ-ਦੁਆਲੇ ਹੁੰਦੀ ਹੈ। ਚੰਗਾ ਪਾਠਕ ਇਕ ਜੀਵਨ ’ਚ ਕਈ ਜ਼ਿੰਦਗੀਆਂ ਹੰਢਾ ਲੈਂਦਾ ਹੈ। ਪੁਸਤਕਾਂ ਦੇ ਪਾਤਰਾਂ ਨਾਲ ਪਾਠਕਾਂ ਦੀ ਐਸੀ ਪਕੇਰੀ ਸਾਂਝ ਪੈ ਜਾਂਦੀ ਹੈ ਕਿ ਉਹ ਆਪਸ ’ਚ ਗੁਫ਼ਤਗੂ ਕਰਦੇ ਪ੍ਰਤੀਤ ਹੁੰਦੇ ਹਨ। ਲੇਖਕ ਆਪਣੀ ਅਉਧ ਹੰਢਾ ਕੇ ਇਸ ਫ਼ਾਨੀ ਦੁਨੀਆ ਤੋਂ ਕੂਚ ਕਰ ਜਾਂਦਾ ਹੈ ਪਰ ਸ਼ਬਦਾਂ ਦਾ ਸਰਮਾਇਆ ਪਿੱਛੇ ਰਹਿ ਜਾਂਦਾ ਹੈ। ਪਾਠਕ ਮਰਹੂੁਮ ਲੇਖਕ ਦੇ ਕੰਧਾੜੇ ਚੜ੍ਹ ਕੇ ਬੀਤੇ ਦੇ ਮੇਲੇ ਦਾ ਵੀ ਲੁਤਫ਼ ਉਠਾ ਲੈਂਦਾ ਹੈ। ਸਾਹਿਤ ਦੁਨੀਆ ਦੇ ਅਣਗਿਣਤ ਲੋਕਾਂ ਲਈ ਆਦਿ ਕਾਲ ਤੋਂ ਰਾਹ-ਦਸੇਰਾ ਰਿਹਾ ਹੈ। ਸਾਹਿਤ ਨੇ ਜ਼ਿੰਦਗੀ ਤੋਂ ਹਾਰੇ ਅਣਗਿਣਤ ਲੋਕਾਂ ਨੂੰ ਖ਼ੁਦਕੁਸ਼ੀਆਂ ਕਰਨ ਤੋਂ ਵਰਜਿਆ ਹੈ। ਪ੍ਰੋਢ ਲੇਖਕ ਜੰਗ ਬਹਾਦੁਰ ਗੋਇਲ ਨੇ ਸ਼ਬਦਾਂ ਦੀ ਮਨੁੱਖ ਨੂੰ ਅਦੁੱਤੀ ਦੇਣ ਬਾਰੇ ‘ਸਾਹਿਤ ਸੰਜੀਵਨੀ’ ’ਚ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ। ਉਹ ਲਿਖਦੇ ਹਨ ਕਿ ਮਹਾਨ ਵਿਚਾਰਕਾਂ ਅਤੇ ਲੇਖਕਾਂ ਦੀ ਦਿੱਤੀ ਨਵੀਂ-ਨਰੋਈ ਸੋਚ ਸਦਕਾ ਹੀ ਮਨੁੱਖ ਨੇ ਗੁਫ਼ਾ ਤੋਂ ਪੁਲਾੜ ਤਕ ਦਾ ਸਫ਼ਰ ਤੈਅ ਕੀਤਾ ਹੈ ਅਤੇ ਅਨੇਕਾਂ ਕੁਦਰਤੀ ਅਤੇ ਗ਼ੈਰ-ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕੀਤਾ ਹੈ। ਲੇਖਕ ਕਲਮ ਦੀ ਤਾਕਤ ਨੂੰ ਤਲਵਾਰ ਦੀ ਤਾਕਤ ਨਾਲੋਂ ਕਿਤੇ ਵੱਧ ਸਮਝਦਾ ਹੈ। ਤਲਵਾਰ ਸਿਰ ਕਲਮ ਕਰ ਸਕਦੀ ਹੈ ਪਰ ਸਿਰ ਦੀ ਸੋਚ ਨੂੰ ਨਹੀਂ ਬਦਲ ਸਕਦੀ। ਫਰਾਂਸ ਦਾ ਸਮਰਾਟ ਨੈਪੋਲੀਅਨ ਬੋਨਾਪਾਰਟ ਸਾਹਿਤ ਰਸੀਆ ਹੋਣ ਨਾਤੇ ਹਮੇਸ਼ਾ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਯੁੱਧ-ਕਲਾ ਦਾ ਜੀਨੀਅਸ ਮੰਨੇ ਜਾਂਦੇ ਨੈਪੋਲੀਅਨ ਦਾ ਸਾਹਿਤ ਪ੍ਰਤੀ ਪ੍ਰੇਮ ਦਿਲ ਨੂੰ ਟੁੰਬਦਾ ਹੈ। ਉਹ ਸ਼ਸਤਰਾਂ ਦੇ ਨਾਲ-ਨਾਲ ਸ਼ਾਸਤਰਾਂ ਦਾ ਵੀ ਧਨੀ ਸੀ। ਜੰਗ ਬਹਾਦੁਰ ਗੋਇਲ ਦੇ ਕਥਨ ਅਨੁਸਾਰ ਕਿਤਾਬਾਂ ਨੇ ਨੈਪੋਲੀਅਨ ਨੂੰ ਸੁਪਨੇ ਦਿੱਤੇ, ਉਸ ਦੇ ਮਨ-ਮਸਤਕ ਨੂੰ ਰੋਸ਼ਨ ਕੀਤਾ। ਉਹ ਜਦੋਂ ਵੀ ਕਿਸੇ ਮੁਹਿੰਮ ’ਤੇ ਜਾਂਦਾ ਤਾਂ ਉਸ ਦੇ ਜ਼ਰੂਰੀ ਸਾਮਾਨ ਵਿਚ ਮਨ-ਭਾਉਂਦੀਆਂ ਕਿਤਾਬਾਂ ਦੀ ਪੇਟੀ ਵੀ ਸ਼ਾਮਲ ਹੁੰਦੀ। ਰਣਖੇਤਰ ਵਿਚ ਨੈਪੋਲੀਅਨ ਆਪਣੇ ਕੈਂਪ ’ਚ ਬੈਠਾ ਅਕਸਰ ਕੋਈ ਨਾ ਕੋਈ ਕਿਤਾਬ ਪੜ੍ਹਦਾ ਰਹਿੰਦਾ ਤੇ ਆਪਣੀ ਮਾਨਸਿਕ ਬੇਚੈਨੀ/ਪਰੇਸ਼ਾਨੀ ’ਤੇ ਕਾਬੂ ਪਾਉਂਦਾ। ਉਹ ਬਹਾਦਰ ਸੈਨਿਕਾਂ ਅਤੇ ਪ੍ਰਬੁੱਧ ਲੇਖਕਾਂ ਦਾ ਸਤਿਕਾਰ ਕਰਨਾ ਜਾਣਦਾ ਸੀ। ਜਰਮਨ ਦੇ ਮਹਾਨ ਲੇਖਕ ਗੇਟੇ ਦੀ ਕਲਮ ਨੂੰ ਉਸ ਦੇ ਦੇਸ਼ ’ਤੇ ਫ਼ਤਿਹ ਹਾਸਲ ਕਰਨ ਤੋਂ ਬਾਅਦ ਵੀ ਨਹੀਂ ਭੁੱਲਦਾ। ਗੇਟੇ ਦੇ ਸ਼ਹਿਰ ਵੇਮਰ ਵਿਖੇ ਰੂਸ ਦੇ ਜ਼ਾਰ ਨਾਲ ਸੰਧੀ ਕਰਨ ਵੇਲੇ ਉਹ ਲੇਖਕ (ਗੇਟੇ) ਨੂੰ ਉਚੇਚਾ ਤਪਾਕ ਨਾਲ ਮਿਲ ਕੇ ਕਹਿੰਦਾ ਹੈ, ‘‘ ਤਾਂ ਤੁਸੀਂ ਗੇਟੇ ਹੋ, ਉਹ ਲੇਖਕ, ਜਿਸ ਸਾਹਮਣੇ ਮੈਂ ਆਪਣਾ ਸਿਰ ਝੁਕਾਉਂਦਾ ਹਾਂ।’’ ਜਿਸ ਬਾਦਸ਼ਾਹ ਸਾਹਮਣੇ ਵੱਡੇ-ਵੱਡੇ ਦੇਸ਼ਾਂ ਦੇ ਜਰਨੈਲ ਅਤੇ ਰਾਜੇ-ਮਹਾਰਾਜੇ ਸਿਰ ਝੁਕਾਉਂਦੇ ਸਨ, ਉਸ ਨੇ ਲੇਖਕ ਸਾਹਮਣੇ ਸਿਰ ਝੁਕਾਇਆ ਸੀ। ਤਲਵਾਰ ਨੇ ਕਲਮ ਨੂੰ ਸਲਾਮ ਕੀਤਾ ਸੀ। ਵਾਟਰਲੂ ਦੇ ਮੈਦਾਨ ’ਚ ਹਾਰ ਪਿੱਛੋਂ ਉਸ ਨੇ ਆਤਮ-ਸਮਰਪਣ ਕੀਤਾ ਤਾਂ ਉਸ ਨੂੰ ਸਾਥੀਆਂ ਸਣੇ ਅਟਲਾਂਟਿਕ ਸਮੁੰਦਰ ਦੇ ਇਕ ਸੁੰਨਸਾਨ ਟਾਪੂ ਭੇਜ ਦਿੱਤਾ। ਬਨਵਾਸ ਦੌਰਾਨ ਵੀ ਪੁਸਤਕਾਂ ਉਸ ਦੇ ਅੰਗ-ਸੰਗ ਰਹੀਆਂ। ਆਪਣੀ ਵਸੀਹਤ ਵਿਚ ਨੈਪੋਲੀਅਨ ਨੇ 400 ਤੋਂ ਵੱਧ ਮਨ-ਪਸੰਦ ਪੁਸਤਕਾਂ ਆਪਣੇ ਪੁੱਤਰ ਦੇ ਨਾਮ ਕੀਤੀਆਂ ਸਨ। ਦਰਅਸਲ ਸਾਹਿਤ ਸੰਜੀਵਨੀ ਦੇ ਲੇਖਕ ਦਾ ਆਪਣਾ ਜੀਵਨ ਵਾਵਰੋਲਿਆਂ ਅਤੇ ਤੂਫ਼ਾਨਾਂ ’ਚ ਘਿਰਿਆ ਰਿਹਾ ਹੈ। ਸਾਹਿਤ ਚਾਨਣ-ਮੁਨਾਰੇ ਵਾਂਗ ਉਸ ਦਾ ਰਾਹ ਦਸੇਰਾ ਬਣਦਾ ਰਿਹਾ। ਘੋਰ ਸੰਕਟ ਦੀ ਘੜੀ ’ਚ ਡਾ. ਧਰਮਵੀਰ ਭਾਰਤੀ ਦੀ ਕਵਿਤਾ ‘ਆਤਮ ਹੱਤਿਆ ਸੇ ਲੌਟਤੇ ਹੂਏ’ ਉਸ ਨੇ ਨਾ ਪੜ੍ਹੀ ਹੁੰਦੀ ਤਾਂ ਕੋਈ ਨਾ ਕੋਈ ਭਾਣਾ ਵਰਤ ਜਾਣਾ ਸੀ। ਉਸ ਨੂੰ ਮਹਿਸੂਸ ਹੋਇਆ ਜਿਵੇਂ ਨਜ਼ਮ ਸਿਰਫ਼ ਤੇ ਸਿਰਫ਼ ਉਸੇ ਲਈ ਲਿਖੀ ਗਈ ਹੋਵੇ : ਮੈਂ ਨਹੀਂ ਮਰੂੰਗਾ/ਜ਼ਿੰਦਗੀ ਭੀ ਕਯਾ ਕਹੇਗੀ /ਕਿਤਨਾ ਦਗ਼ਾਬਾਜ਼ ਥਾ! ਨਿੱਕੀ ਜਿਹੀ ਇਹ ਕਵਿਤਾ ਜੀਵਨ ਰੱਖਿਅਕ ਦਵਾਈ ਵਾਂਗ ਦਿਲੋ-ਦਿਮਾਗ਼ ’ਤੇ ਫੌਰੀ ਅਸਰ ਕਰਦੀ ਹੈ ਤੇ ਉਹ ਕਾਲੀ-ਸਿਆਹ ਗੁਫ਼ਾ ’ਚੋਂ ਬਾਹਰ ਨਿਕਲ ਕੇ ਮੁੜ ਜ਼ਿੰਦਗੀ ਦੇ ਰੋਸ਼ਨ ਰਾਹਾਂ ’ਤੇ ਪੈ ਜਾਂਦਾ ਹੈ। ਸਾਹਿਤ ਸੰਜੀਵਨੀ ’ਚ ‘ਬਿਬਲਿਓਥੈਰੇਪੀ’ (ਪੁਸਤਕ- ਚਿਕਿਤਸਾ) ਬਾਰੇ ਬੇਹੱਦ ਮੁੱਲਵਾਨ ਤੇ ਭਰਪੂਰ ਜਾਣਕਾਰੀ ਮਿਲਦੀ ਹੈ ਜਿਸ ’ਤੇ ਪਹਿਲਾਂ ਕਿਸੇ ਪੰਜਾਬੀ ਲੇਖਕ ਨੇ ਹੱਥ ਨਹੀਂ ਅਜ਼ਮਾਇਆ। ਯੂਨਾਨ ’ਚ ‘ਨਾਟਸ਼ਾਲਾ’ ਅਤੇ ‘ਦਵਾਖ਼ਾਨਾ’ ਨਾਲੋ-ਨਾਲ ਸਥਿਤ ਹੁੰਦੇ ਸਨ। ‘ਨਾਟਸ਼ਾਲਾ’ ਰੂਹਾਨੀ ਰੋਗਾਂ ਦਾ ਇਲਾਜ ਕਰਦੀ ਸੀ ਤੇ ‘ਯੂਨਾਨੀ ਦਵਾਖ਼ਾਨਾ’ ਜਿਸਮਾਨੀ ਰੋਗਾਂ ਦਾ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਯੂਰਪ ਦੇ ਅਨੇਕ ਦੇਸ਼ਾਂ ਦੇ ਹਸਪਤਾਲ ਜ਼ਖ਼ਮੀ ਸੈਨਿਕਾਂ ਨਾਲ ਭਰ ਗਏ ਤਾਂ ਆਹਤਾਂ ਨੂੰ ਹਸਪਤਾਲਾਂ ਦੇ ਨਾਲ-ਨਾਲ ਲਾਇਬ੍ਰੇਰੀਆਂ ਦੀ ਲੋੋੜ ਪਈ। ਪੁਸਤਕ ’ਚ ਦੁਨੀਆ ਦੇ ਕਈ ਚਿਕਿਤਸਕਾਂ ਅਤੇ ਵਿਦਵਾਨਾਂ ਦੇ ਕਥਨ ਦਰਜ ਹਨ ਜੋ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਸਾਹਿਤ ਸੰਜੀਵਨੀ ਵਾਂਗ ਰੋਗੀਆਂ ਤੇ ਮਨੋਰੋਗੀਆਂ ਦੇ ਦੁੱਖ-ਦਰਦ ਹਰ ਲੈਂਦਾ ਹੈ। ਇਸੇ ਕੜੀ ’ਚ ਯੌਰਕ ਯੂਨੀਵਰਸਿਟੀ, ਕੈਨੇਡਾ ਦੇ ਮਨੋਵਿਗਿਆਨੀ ਪ੍ਰੋਫੈਸਰ ਡਾ. ਰੇਮੰਡ ਮਾਰ ਦਾ ਕਥਨ ਅਰਥ-ਭਰਪੂਰ ਹੈ, ‘ਗਲਪ-ਸਾਹਿਤ ਪੜ੍ਹਨ ਨਾਲ ਹਮਦਰਦੀ ਅਤੇ ਸੰਵੇਦਨਾ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਜੋ ਸਿਹਤਮੰਦ ਰਿਸ਼ਤਿਆਂ ਦਾ ਆਧਾਰ ਬਣਦੀਆਂ ਹਨ। ਉਨ੍ਹਾਂ ਦੇ ਕਥਾ-ਸੰਸਾਰ ਦੇ ਕਿਰਦਾਰਾਂ ਨਾਲ ਭਾਵਨਾਤਮਿਕ ਸਾਂਝ ਪੈਦਾ ਹੁੰਦੀ ਹੈ। ਇਹ ਵੇਖਣ ’ਚ ਆਇਆ ਹੈ ਕਿ ਗਲਪ ਸਾਹਿਤ ਵਿਚ ਦਿਲਚਸਪੀ ਰੱਖਣ ਵਾਲੇ ਮਰੀਜ਼ ਉਨ੍ਹਾਂ ਮਰੀਜ਼ਾਂ ਨਾਲੋਂ ਜਲਦੀ ਠੀਕ ਹੋ ਜਾਂਦੇ ਹਨ, ਜਿਨ੍ਹਾਂ ਦੀ ਪੜ੍ਹਨ-ਪੜ੍ਹਾਉਣ ’ਚ ਕੋਈ ਰੁਚੀ ਨਹੀਂ ਹੁੰਦੀ। ਕੈਨੇਡਾ ਦੀ ਯੂਨੀਵਰਸਿਟੀ ਆਫ ਓਟਾਵਾ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਡਾ. ਦੋਮੋਖੀ ਆਬਰੇ ਨੇ ਆਪਣੀ ਪੁਸਤਕ ‘ਰੀਡਿੰਗ ਐਸ ਥੈਰੇਪੀ’ ਵਿਚ ਕਿਹਾ ਹੈ ਕਿ ਗਲਪ ਸਾਹਿਤ ਦੇ ਅਧਿਐਨ ਨਾਲ ਦਿਮਾਗ਼ ਨਵੇਂ ਤੋਂ ਨਵੇਂ ਸਾਂਚੇ ਵਿਚ ਢਲਦਾ ਰਹਿੰਦਾ ਹੈ। ਆਦਮੀ ਉਸ ਸਮੇਂ ਬੁੱਢਾ ਹੁੰਦਾ ਹੈ, ਜਦੋਂ ਉਸ ਦੇ ਵਿਚਾਰਾਂ ਵਿਚ ਖੜੋਤ ਆ ਜਾਂਦੀ ਹੈ। ਸਾਹਿਤ ਪੜ੍ਹਨ ਵਾਲੇ ਹਮੇਸ਼ਾ ਨਵੇਂ-ਨਰੋਏ ਵਿਚਾਰ ਗ੍ਰਹਿਣ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਦਿਮਾਗ਼ ਕਿਰਿਆਸ਼ੀਲ ਰਹਿੰਦਾ ਹੈ ਤੇ ਉਹ ਡਿਮੈਂਸ਼ੀਆ (ਭੁੱਲਣ ਦੀ ਬਿਮਾਰੀ) ਤੋਂ ਗ੍ਰਸਤ ਨਹੀਂ ਹੁੰਦੇ। ਇਕ ਹੋਰ ਖੋਜ ਅਨੁਸਾਰ ਕਲਾਸਿਕ ਸਾਹਿਤਕ ਕ੍ਰਿਤੀਆਂ ਰਾਹੀਂ ਬਿਮਾਰੀਆਂ ਨਾਲ ਘੁਲਦੇ ਮਰੀਜ਼ਾਂ ਵਿਚ ਉਸਾਰੂ ਸੋਚ ਪੈਦਾ ਹੁੰਦੀ ਹੈ। ਸ਼ਬਦਾਂ ਦੀ ਚਿਕਿਤਸਕ ਤਾਕਤ ਵਿਚ ਵਿਸ਼ਵਾਸ ਰੱਖਣ ਵਾਲੇ ਖ਼ਤਰਨਾਕ ਤੋਂ ਖ਼ਤਰਨਾਕ ਬਿਮਾਰੀਆਂ ਨਾਲ ਦਸਤਪੰਜਾ ਲੈ ਸਕਦੇ ਹਨ। ਉਹ ਅਤੀਤ ਦੇ ਸਰਵੋਤਮ ਕਵੀਆਂ ਦੇ ਉੱਤਮ ਬੋਲਾਂ ਰਾਹੀਂ ਹਨੇਰੇ ਵਿਚ ਗੁੰਮ ਲੋਕਾਂ ਦੀ ਜ਼ਿੰਦਗੀ ਰੋਸ਼ਨ ਕਰਦੇ ਹਨ। ਰੀਲਿਟ ਸੈਂਟਰਾਂ ਦੇ ਬੂਹੇ ’ਤੇ ਵੱਡ-ਆਕਾਰੀ ਪੋਸਟਰ ’ਤੇ ਅੰਗਰੇਜ਼ੀ ਦੇ ਮਹਾਨ ਕਵੀ ਜਾਨ ਮਿਲਟਨ ਦੇ ਇਹ ਸ਼ਬਦ ਪ੍ਰੇਰਕ ਹਨ, ‘ਢੁਕਵੇਂ ਸ਼ਬਦ ਦਿਮਾਗ਼ੀ ਰਸੌਲੀ ਦੇ ਅਸਹਿ ਦਰਦ ਨੂੰ ਠੱਲ੍ਹ ਪਾ ਸਕਦੇ ਹਨ ਤੇ ਰਿਸਦੇ ਜ਼ਖ਼ਮਾਂ ਲਈ ਮਰ੍ਹਮ ਬਣ ਸਕਦੇ ਹਨ।’’ ਸੱਚਮੁੱਚ ਹੀ ਪੁਸਤਕਾਂ ਸਾਡੀ ਅੰਤਰ-ਦ੍ਰਿਸ਼ਟੀ ਜਾਗ੍ਰਿਤ ਕਰ ਕੇ ਸਾਨੂੰ ਕਿੰਨੀਆਂ ਹੀ ਮਾਨਸਿਕ ਗ੍ਰੰਥੀਆਂ ਤੋਂ ਮੁਕਤ ਕਰਦੀਆਂ ਹਨ ਤੇ ਨਵੀਂ ਜੀਵਨ-ਜਾਚ ਦਾ ਸੁਨੇਹਾ ਦਿੰਦੀਆਂ ਹਨ। ਨਵੇਂ ਜ਼ਾਵੀਏ ਤੋਂ ਜ਼ਿੰਦਗੀ ਨੂੰ ਵਾਚਣ ਦਾ ਢੰਗ-ਤਰੀਕਾ ਦੱਸਦੀਆਂ ਹਲ ਤੇ ਮਾਨਸਿਕ ਤਰੇੜਾਂ ਨੂੰ ਭਰਨ ’ਚ ਸਹਾਈ ਹੁੰਦੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਜੁੜੇ ਲੇਖਕ ਮਾਨਸਰੋਵਰ ਦੇ ਹੰਸਾਂ ਵਾਂਗ ਮੋਤੀ ਚੁਗਦੇ ਹਨ। ਸ਼ਬਦਾਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਣ ਵਾਲੇ ਲੇਖਕ ਹੀ ਅਜਿਹਾ ਸਾਹਿਤ ਰਚਦੇ ਹਨ ਜੋ ਦੁਖਿਆਰਿਆਂ ਲਈ ਸੰਜੀਵਨੀ ਦਾ ਕੰਮ ਕਰਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ’ਚ ਪੁਸਤਕ ਸੱਭਿਆਚਾਰ ਨੂੰ ਵੱਡੀ ਢਾਹ ਲੱਗ ਰਹੀ ਹੈ। ‘ਸਾਹਿਤ ਸੰਜੀਵਨੀ’ ਆਸ ਦੀ ਕਿਰਨ ਵਾਂਗ ਲੱਗ ਰਹੀ ਹੈ। ਬਕੌਲ ਸੁਰਜੀਤ ਪਾਤਰ, ‘‘ਸਾਹਿਤ ਸੰਜੀਵਨੀ ਦੇ ਬਹੁਤੇ ਹਿੱਸੇ ਨੂੰ ਗਲਪ ਨਾਲੋਂ ਵੀ ਵੱਧ ਦਿਲਚਸਪੀ ਨਾਲ ਪੜ੍ਹ ਸਕਦੇ ਹਾਂ। ਸਾਹਿਤ ਰਚਨ ਅਤੇ ਪੜ੍ਹਨ ਦੇ ਮਾਨਸਿਕ ਅਤੇ ਆਤਮਿਕ ਪਹਿਲੂ ਬਾਰੇ ਅਜਿਹੀ ਕੋਈ ਕਿਤਾਬ ਮੇਰੀਆਂ ਨਜ਼ਰਾਂ ’ਚੋਂ ਅਜੇ ਤਕ ਨਹੀਂ ਗੁਜ਼ਰੀ।’’
Order Online -: https://www.singhbrothers.com/en/sahit-sanjivani
From - Punjabi Jagran Newspaper
By - Varinder Singh Walia
Dated - 30.10.2022