ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰਦਾ ਹੈ, ਉਵੇਂ ਹੀ ਇਸ ਮੋਚੀ ਬਾਲਕ ਦਾ ਜਨਮ ਭੇਦਭਾਵ ਦੇ ਅੰਧਕਾਰ ਨੂੰ ਮਿਟਾਏਗਾ । ਉਸ ਨੇ ਇਕ ਮਹਾਨ ਅਧਿਆਤਮਕ ਗੁਰੂ ਬਣਨਾ ਸੀ । ਭਗਤ ਰਵਿਦਾਸ ਜੀ ਦਾ ਜਨਮ 1399 ਈ. ਵਿਚ ਬਨਾਰਸ ਦੇ ਇਕ ਗਰੀਬ ਮੋਚੀ ਪਰਿਵਾਰ ਦੇ ਘਰ ਹੋਇਆ ਸੀ । ਆਪਣੀ ਉਮਰ ਦੇ ਹੋਰ ਬੱਚਿਆਂ ਤੋਂ ਅਲੱਗ ਉਨ੍ਹਾਂ ਨੂੰ ਇਕਾਂਤ ਵਿਚ ਬੈਠਣਾ ਅਤੇ ਅਰਦਾਸ ਵਿਚ ਲੀਨ ਰਹਿਣਾ ਚੰਗਾ ਲੱਗਦਾ ਸੀ । ਈਮਾਨਦਾਰ, ਮਿਹਨਤੀ ਅਤੇ ਆਗਿਆਕਾਰੀ ਸੁਭਾਅ ਦੇ ਮਾਲਕ ਭਗਤ ਰਵਿਦਾਸ ਜੀ ਇਕ ਕੁਸ਼ਲ ਮੋਚੀ ਬਣੇ । ਫਿਰ ਵੀ ਹਰ ਸਮੇਂ ਪੂਰੀ ਸ਼ਰਧਾ ਨਾਲੋ ਰਾਮ ਨਾਮੋ ਦੀ ਖੁਮਾਰੀ ਵਿਚ ਮਗਨ ਰਹਿੰਦੇ । ਭਗਤ ਜੀ ਨੇ ਰੂਹ ਨੂੰ ਛੂਹ ਜਾਣ ਵਾਲੇ ਸ਼ਬਦ ਰਚੇ ਜੋ ਸਰਬ ਸ਼ਕਤੀਮਾਨ ਪ੍ਰਮਾਤਮਾ ਵਿਚ ਵਿਸ਼ਵਾਸ ਅਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਸੰਦੇਸ਼ ਦਿੰਦੇ ਹਨ । ਭਗਤ ਰਵਿਦਾਸ ਜੀ ਦੇ ਉਪਰਾਲੇ, ਜਾਤ ਅਤੇ ਸਮਾਜਕ ਰੁਤਬੇ ਦੇ ਘੇਰੇ ਵਿਚ ਸੀਮਤ ਨਹੀਂ ਸਨ । ਸੱਚ ਤਾਂ ਇਹ ਹੈ ਕਿ ਪ੍ਰਮਾਤਮਾ ਵਿਚ ਉਨ੍ਹਾਂ ਦਾ ਵਿਸ਼ਵਾਸ ਅਤੇ ਮਨੁੱਖਤਾ ਪ੍ਰਤੀ ਪ੍ਰੇਮ ਅਸੀਮ ਸੀ ।