ਜਵਾਨੀ ਵਿਚ ਪੈਰ ਰੱਖਣ ਉਪਰੰਤ ਨਾਮਦੇਵ ਜੀ ਨੇ ਆਪਣੇ ਮਾਪਿਆਂ ਦੀ ਇੱਛਾ ਅਨੁਸਾਰ ਗ੍ਰਹਿਸਥ ਜੀਵਨ ਆਰੰਭ ਕੀਤਾ । ਪਰ ਉਨ੍ਹਾਂ ਦਾ ਹਿਰਦੈ ਅਤੇ ਮਨ ਪ੍ਰਭੂ ਦੀ ਤਾਂਘ ਵਿਚ ਹੀ ਰਿਹਾ । ਅਧਿਆਤਮਕ ਗਿਆਨ ਪ੍ਰਾਪਤੀ ਦੀ ਉਨ੍ਹਾਂ ਦੀ ਤੀਬਰ ਇੱਛਾ ਅਤੇ ਹਰ ਜੀਅ ਵਿਚ ਪ੍ਰਮਾਤਮਾ ਦੀ ਤਲਾਸ਼ ਦੀ ਉਨ੍ਹਾਂ ਦੀ ਲਗਨ ਉਨ੍ਹਾਂ ਨੂੰ ਭਾਰਤ ਵਿਚ ਅਨੇਕ ਸਥਾਨਾਂ ਤੇ ਲੈ ਗਈ । ਅੰਤ ਇਕ ਮਹਾਨ ਸੰਤ ਵਜੋਂ ਉੱਭਰ ਕੇ, ਭਗਤ ਨਾਮਦੇਵ ਜੀ ਨੇ ਕਈ ਅਦਭੁਤ ਕਰਿਸ਼ਮੇ ਦਿਖਾਏ ਜਿਨ੍ਹਾਂ ਨਾਲ ਉਨ੍ਹਾਂ ਦਾ ਰੂਹਾਨੀ ਰੁਤਬਾ ਹੋਰ ਉੱਚਾ ਹੋ ਗਿਆ । ਉੱਚੀ ਜਾਤ ਦੇ ਬ੍ਰਾਹਮਣਾਂ ਦੀ ਫ਼ਿਟਕਾਰ ਅਤੇ ਇਥੋਂ ਤੱਕ ਕਿ ਦਿੱਲੀ ਦੇ ਸੁਲਤਾਨ ਵੱਲੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਬਾਵਜੂਦ ਭਗਤ ਨਾਮਦੇਵ ਜੀ ਆਪਣੀ ਆਸਥਾ ਤੇ ਅਡਿੱਗ ਰਹੇ । ਉਨ੍ਹਾਂ ਨੇ ਨਿਡਰ ਹੋ ਕੇ ਆਪਣੀ ਗੱਲ ਕਹੀ ਅਤੇ ਲੋਕਾਂ ਨੂੰ ਪ੍ਰਮਾਤਮਾ ‘ਤੇ ਭਰੋਸਾ ਰੱਖਣ ਲਈ ਪ੍ਰੋਤਸਾਹਿਤ ਕੀਤਾ । ਭਗਤ ਨਾਮਦੇਵ ਗਰੀਬਾਂ ਦੀ ਅਵਾਜ਼ ਸਨ, ਉਹ ਦਬਿਆਂ ਕੁਚਲਿਆਂ ਦੇ ਮਸੀਹਾ ਸਨ, ਉਹ ਪ੍ਰਮਾਤਮਾ ਦੀ ਬਾਣੀ ਸਨ ।