ਸੱਠ ਸਾਲ ਦੀ ਉਮਰ ਤੱਕ ਬਾਬਾ ਅਮਰ ਦਾਸ ਜੀ ਦੀ ਅਨੇਕਾਂ ਤੀਰਥ ਅਸਥਾਨਾਂ ਦੀਆਂ ਯਾਤਰਾਵਾਂ ਕਰਨ ਦੇ ਬਾਵਜੂਦ ਅਧਿਆਤਮਕ ਤ੍ਰਿਪਤੀ ਨਾ ਹੋ ਸਕੀ । ਪਰ ਫਿਰ ਇਕ ਅਜਿਹਾ ਸੁਭਾਗਾ ਦਿਨ ਆਇਆ ਜਦੋਂ ਉਨ੍ਹਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਵਿਚੋਂ ਅਨੰਦ ਮਿਲਿਆ । ਇਨ੍ਹਾਂ ਰੂਹਾਨੀ ਸ਼ਬਦਾ ਵਿਚ ਲੁਕੇ ਸੱਚ ਅਤੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਖੁਦ ਨੂੰ ਖਡੂਰ ਵਿਖੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਸਮਰਪਿਤ ਕਰ ਦਿੱਤਾ । 1552 ਵਿਚ ਰੂਹਾਨੀ ਜੋਤ ਉਨ੍ਹਾਂ ਨੂੰ ਸੌਂਪੀ ਗਈ ਅਤੇ ਉਹ ਸਿੱਖਾਂ ਦੀ ਤੀਜੀ ਪਾਤਸ਼ਾਹੀ ਬਣੇ । ਉਨ੍ਹਾਂ ਨੇ ਗੋਇੰਦਵਾਲ ਨਗਰੀ ਵਿਚ ਸਿੱਖ ਧਰਮ ਕੇਂਦਰ ਦੀ ਸਥਾਪਨਾ ਕੀਤੀ । ਗੁਰੂ ਅਮਰ ਦਾਸ ਜੀ ਮਨੁੱਖੀ ਸਮਾਨਤਾ ਦੇ ਸਿਧਾਂਤ ਵਿਚ ਪੁਖਤਾ ਯਕੀਨ ਕਰਦੇ ਸਨ ਅਤੇ ਉਨ੍ਹਾਂ ਨੇ ਗੋਇੰਦਵਾਲ ਵਿਖੇ ਇਕ ਬਾਉਲੀ ਬਣਵਾਈ ਅਤੇ ਸਾਰੀਆਂ ਜਾਤਾਂ ਦੇ ਲੋਕਾਂ ਲਈ ਇਕੋ ਖੂਹ ਤੋਂ ਪਾਣੀ ਭਰਨ ਦੀ ਵਿਵਸਥਾ ਕਰ ਕੇ ਸਮਾਜਿਕ ਕਰਾਂਤੀ ਲਿਆਂਦੀ। ਗੁਰੂ ਅਮਰ ਦਾਸ ਜੀ ਨੇ ਸਰਵਜਨਕ ਰੂਪ ਨਾਲ ਕੱਟੜਵਾਦੀ ਹਿੰਦੂ ਧਾਰਮਿਕ ਕਰਮ-ਕਾਂਡਾਂ ਦਾ ਤਿਆਗ ਕੀਤਾ । ਹੌਲੀ-ਹੌਲੀ ਉਨ੍ਹਾਂ ਨੇ ਕਈ ਰਿਵਾਜ਼ਾਂ ਅਤੇ ਰਸਮਾਂ ਨੂੰ ਸਿੱਖ ਧਰਮ ਦੇ ਅਨੁਸਾਰ ਪੁਨਰ ਪਰਿਭਾਸ਼ਿਤ ਕੀਤਾ । ਗੁਰੂ ਅਮਰ ਦਾਸ ਜੀ ਨੇ ਕਈ ਗੁਰਸਿੱਖ ਪੁਰਸ਼ਾਂ ਅਤੇ ਇਸਤਰੀਆਂ ਨੂੰ ਮੰਜੀ ਦੀ ਉਪਾਧੀ ਦਿੱਤੀ ਜੋ ਧਰਮ ਦਾ ਪ੍ਰਚਾਰ ਕਰਦੇ ਸਨ । ਮੰਜੀਦਾਰ ਸਿੱਖਾਂ ਨੇ ਧਰਮ ਦਾ ਪ੍ਰਚਾਰ ਕੀਤਾ ਅਤੇ ਉਹ ਗੁਰੂ ਅਤੇ ਸੰਗਤ ਵਿਚ ਇਕ ਕੜੀ ਦਾ ਕੰਮ ਕਰਦੇ ਸਨ । ਗੁਰੂ ਅਮਰ ਦਾਸ ਜੀ ਨੇ 874 ਸ਼ਬਦ ਰਚੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਹਨ । ਉਹ 1574 ਤੱਕ ਗੁਰੂ ਵਜੋਂ ਸੁਸ਼ੋਭਿਤ ਰਹੇ ਅਤੇ 22 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਉਨ੍ਹਾਂ ਨੇ ਸਿੱਖਾਂ ਦੀ ਰਹਿਨੁਮਾਈ ਕੀਤੀ ।