ਸਰਦਾਰ ਹਰੀ ਸਿੰਘ ਨਲਵਾ ਦੇ ਇਸ ਜੀਵਨ ਇਤਿਹਾਸ ਤੋਂ ਸਿੱਖ-ਰਾਜ ਦੇ ਇਸ ਨਿਕਾਸ ਤੇ ਵਿਕਾਸ ਦੇ ਨਾਲ ਹੀ ਉਸ ਦੇ ਹਰਾਸ (ਗਿਰਾਉ) ਦਾ ਪ੍ਰਤਿਬਿੰਬ ਵੀ ਕਿਸੇ ਹੱਦ ਤਕ ਝਲਕਦਾ ਪ੍ਰਤੀਤ ਹੁੰਦਾ ਹੈ । ਸਰਦਾਰ ਹਰੀ ਸਿੰਘ ਚੂੰਕਿ ਇਕ ਕੌਮੀ ਨਿਰਮਾਤਾ ਸੀ ਜਿਸ ਨੇ ਪੰਜਾਬੀ ਕੌਮੀਅਤ ਦੀ ਉਸਾਰੀ ਜਾਂ ਤਾਮੀਰ ਵਿਚ ਭਰਪੂਰ ਹਿੱਸਾ ਪਾਇਆ ਸੀ, ਇਸ ਲਈ ਉਸ ਦੇ ਇਸ ਜੀਵਨ ਇਤਿਹਾਸ ਤੋਂ ਜੇ ਪੰਜਾਬੀ ਪਾਠਕ ਕੋਈ ਨਵੀਂ ਅਮਲੀ ਪ੍ਰੇਰਣਾ ਇਸ ਸੰਬੰਧ ਵਿਚ ਲੈ ਲੈਣ ਤਾਂ ਲੇਖਕ ਆਪਣਾ ਇਹ ਨਾਚੀਜ਼ ਜਿਹਾ ਪ੍ਰਯਤਨ ਸਫ਼ਲ ਹੋਇਆ ਸਮਝੇਗਾ ।