ਇਹ ਨਾਵਲ ‘ਤੌਸ਼ਾਲੀ ਦੀ ਹੰਸੋ’ ਵੀ ਕਾਲਿੰਗਾ ਦੇ ਪੁਰਾਤੱਤਵ ਖੰਡਰਾਂ ਵਿਚੋਂ ਭਾਲੀ ਇੱਕ ਕਲਾ ਮੂਰਤੀ ਹੈ; ਆਪਣੇ ਜੁੱਗ ਦੀ ਆਤਮਾ । ਇਸ ਨਾਵਲ ਦੀ ਪ੍ਰਿਸ਼ਟ ਭੂੰਮੀ ਤੇਈ ਸੌ ਸਾਲ ਪੁਰਾਣੀ ਹੈ; ਪਰ ਇਹ ਇਤਿਹਾਸ ਨਹੀਂ । ਕੁੱਝ ਗੱਲਾਂ ਸੁਤੇ-ਸਿੱਧ ਹੀ ਤਾਰੀਖ ਨਾਲ ਮੇਲ ਖਾ ਗਈਆਂ ਹੋਣ, ਵੱਖਰੀ ਗੱਲ ਹੈ । ਅਸ਼ੋਕ, ਉਪਾਗੁਪਤਾ ਤੇ ਕਾਰੂਬਾਕੀ ਤੋਂ ਬਿਨਾ ਸਾਰੇ ਪਾਤਰ ਲੇਖਕ ਦੀ ਕਲਪਨਾ ਨੇ ਖੜ੍ਹੇ ਕੀਤੇ ਹਨ । ਕਾਲਿੰਗਾ ਦੀ ਰਾਜਧਾਨੀ ਤੌਸ਼ਾਲੀ ਨੂੰ ਸਮਰਾਟ ਅਸ਼ੋਕ ਨੇ ਬਰਬਾਦ ਕਰ ਦਿੱਤਾ । ਪਰ ਕਾਲਿੰਗਾ ਵਾਸੀ ਤਸੀਹੇ ਸਹਿੰਦੇ ਮਰਨੀ ਮਰ ਗਏ , ਉਹਨਾਂ ਉਸ ਦੀ ਈਨ ਨਹੀਂ ਮੰਨੀ । ਅਸ਼ੋਕ ਵਾਹ ਜਹਾਨ ਦੀ ਲਾ ਕੇ ਅਧੀਕਾਰੀਆਂ ਤਾਂ ਕੀ ਜਨਸਾਧਾਰਣ ਵਿਚੋਂ ਵੀ ਗਦਾਰ ਨਾ ਲੱਭ ਸਕਿਆ । ਰਾਜ ਨਿਰਤਕੀ ਹੰਸੋ ਦੇ ਕਰਤੱਵ ਚਰਿੱਤਰ ਨੇ ਅਸ਼ੋਕ ਦੀ ਧੁਰ ਆਤਮਾ ਨੂੰ ਕੰਬਣੀਆਂ ਛੇੜ ਦਿੱਤੀਆਂ । ਉਹ ਹੰਸੋ ਸਾਹਮਣੇ ਜਿਤ ਕੇ ਵੀ ਹਾਰ ਗਿਆ ਸੀ, ਅਸਲ ਵਿਚ ‘ਤੌਸ਼ਾਲੀ ਦੀ ਹੰਸੋ’ ਨਾਵਲ ਹਿੰਸਾ ਉੱਤੇ ਅਹਿੰਸਾ ਦੀ ਜਿੱਤ ਹੈ । ਆਪਣੇ ਕੌਮੀ ਘਰ ਦੀ ਰੱਖਿਆ ਲਈ ਸ਼ਹੀਦ ਹੋਣ ਵਾਲੇ ਬਹਾਦਰ ਸੂਰਮਿਆਂ ਨੂੰ ਲੇਖਕ ਆਪਣੇ ਦਿਲ ਦੇ ਲਹੂਦਾ ਅਰਘ ਪੇਸ਼ ਕੀਤਾ ਹੈ ।