ਸਾਵੀਂ ਪੱਧਰੀ ਜ਼ਿੰਦਗੀ ਤੋਂ ਭਾਵ ਉਸ ਗੱਡੀ ਦੀ ਅਵਸਥਾ ਨਹੀਂ, ਜਿਹੜੀ ਕਿਸੇ ਸਾਵੇਂ ਪੱਧਰੇ ਥਾਂ ਉਤੇ ਸਾਵੀਂ ਪੱਧਰੀ ਖੜੀ ਕੀਤੀ ਹੋਵੇ । ਸਾਵੀਂ ਪੱਧਰੀ ਜ਼ਿੰਦਗੀ ਤੋਂ ਭਾਵ ਉਸ ਗੱਡੀ ਦੀ ਰਵਾਨੀ ਹੈ, ਜਿਹੜੀ ਨਾ ਦਾਬੂ ਹੋਵੇ ਤੇ ਨਾ ਉਲਾਰ, ਤੇ ਖਿੱਚਣ ਵਾਲਾ ਘੋੜਾ ਉਹਨੂੰ ਬਿਨਾਂ ਕਿਸੇ ਹਫ਼-ਹਫਾਈ ਦੇ ਮਲਕੜੇ ਖਿੱਚੀ ਤੁਰਿਆ ਜਾਂ ਦੌੜਿਆ ਜਾਵੇ । ਜੇ ਮਾਰਗ ਉੱਚਾ ਨੀਵਾਂ ਹੋਵੇ, ਤਾਂ ਉਹ ਹੌਲਾ ਹੋ ਜਾਵੇ, ਜੇ ਮਾਰਗ ਸਾਵਾਂ ਪੱਧਰਾ ਹੋਵੇ ਤਾਂ ਪੰਧ ਉਤੇ ਪੰਧ ਮੁਕਾਂਦਾ ਜਾਵੇ । ਖਲੋਤੀ ਜ਼ਿੰਦਗੀ ਦਾ ਸਾਵਾਂ-ਪੱਧਰਾਪਨ ਮਨੁੱਖ ਦੀ ਤਾਂਘ ਨਹੀਂ, ਮਨੋਰਥ ਭਰੀ ਤਿੱਖੀ ਉਡਾਰੀ ਦੀ ਮੰਜ਼ਲਾਂ ਮੁਕਾਂਦੀ ਅਡੋਲਤਾ ਇਹਦਾ ਸੁਪਨਾ ਹੈ ।