ਇਸ ਪੁਸਤਕ ਵਿਚ ਸੰਤ ਸਿੰਘ ਸੇਖੋਂ ਦੇ ਸਾਰੇ ਨਾਟਕ ਡਾ. ਤੇਜਵੰਤ ਸਿੰਘ ਗਿੱਲ ਵੱਲੋਂ ਸੰਪਾਦਿਤ ਕੀਤੇ ਗਏ ਹਨ। ਇਹਨਾਂ ਨਾਟਕਾਂ ਤੋਂ ਸਿੱਖਣ ਨੂੰ ਬਹੁਤ ਕੁਝ ਹੈ। ਜਿਸ ਤਰ੍ਹਾਂ ਅਧਿਆਤਮਵਾਦ ਤੋਂ ਪ੍ਰੇਰਿਤ ਇਤਿਹਾਸਕਾਰੀ ਨੇ ਸਿੱਖ ਇਤਿਹਾਸ ਨੂੰ ਨਿਕਟਵਰਤੀ ਬੁਨਿਆਦੀ ਤੋਂ ਚੱਲ ਕੇ ਦੂਰਵਰਤੀ ਬੁਲੰਦੀ ਸਰ ਕਰਦੀ ਨਿਰੰਤਰ ਵਿਕਾਸ ਰੇਖਾ ਅਨੁਸਾਰ ਦਿਖਾਇਆ ਹੈ, ਉਸ ਵਿਚ ਇਹ ਨਾਟਕ ਵੱਡੀ ਛਿਦਰ ਪਾ ਦੇਂਦੇ ਹਨ। ਜੇ ਇਹਨਾਂ ਵਿਚੋਂ ਸਫਲਤਾਵਾਂ ਅਤੇ ਕੁਰਬਾਨੀਆਂ ਦੀ ਗੂੰਜ ਉੱਠਦੀ ਹੈ ਤਾਂ ਅਸਫਲਤਾਵਾਂ ਅਤੇ ਦਗੇਬਾਜ਼ੀਆਂ ਦਾ ਸ਼ੋਰ ਵੀ ਘੱਟ ਸੁਣਾਈ ਨਹੀਂ ਦਿੰਦਾ। ਇਹਨਾਂ ਦਾ ਪਾਰਾਵਾਰ ਉਦਾਲੇ ਦੀਆਂ ਧਰਤੀਆਂ ਨਾਲ ਵੀ ਜਾ ਜੁੜਦਾ ਹੈ ਜਿਸਨੇ ਸਿੰਧ ਤੋਂ ਪਾਰ ਬੁਰੀ ਨਜ਼ਰ ਰੱਖਣ ਵਾਲੇ ਜਰਵਾਣਿਆਂ ਅਤੇ ਜਮਨਾ ਪਾਰ ਤੋਂ ਇਸਨੂੰ ਅਣਡਿੱਠ ਕਰ ਰਹੇ ਭੁਲਾਵਾਕਾਰੀਆਂ ਵਿਚਕਾਰ ਪੀਹੇ ਜਾ ਰਹੇ ਪੰਜਾਬੀਆਂ ਦੀ ਸੁਰੱਖਿਆ ਕਰਨੀ ਹੈ। ਇਸ ਕਾਰਨ ਸੇਖੋਂ ਦੇ ਸਿੱਖ ਇਤਿਹਾਸ ਨਾਲ ਸਬੰਧਿਤ ਨਾਟਕਾਂ ਦਾ ਅਤੀਤਮਈ ਮਹੱਤਵ ਹੀ ਨਹੀਂ ਸਗੋਂ ਅਜੋਕਾ ਭਾਵ ਵੀ ਬਣ ਜਾਂਦਾ ਹੈ। ਇਹ ਪੁਸਤਕ ਡਾ. ਤੇਜਵੰਤ ਸਿੰਘ ਗਿੱਲ ਸੰਪਾਦਕ ਸੰਤ ਸਿੰਘ ਸੇਖੋਂ ਦੇ (ਨਾਟਕ) ਦਾ ਸੰਗ੍ਰਹਿ ਹੈ ।