‘ਸਮਰੂ ਕੀ ਬੇਗ਼ਮ’ ਵਾਸ਼ਨਾ ਗ੍ਰਸਤ ਜ਼ਿਆਦਤੀਆਂ ਨਾਲ ਲੂਹੀ ਹੋਈ ਅਤਿ ਘ੍ਰਿਣਤ ਗ਼ਰੀਬ ਕੁੱਖ ਵਿੱਚੋਂ ਜਨਮਿਆ, ਫ਼ਕੀਰ ਤੋਂ ਅਮੀਰ ਹੋਇਆ ਇੱਕ ਅਲੌਕਿਕ ਜੀਵਨ ਹੈ । ਅਠਾਰ੍ਹਵੀਂ ਸਦੀ ਦੌਰਾਨ, ਭੁੱਖ ਅਤੇ ਮੌਤ ਨਾਲ ਲੋਹਾ ਲੈਂਦੇ ਸਿੱਖਾਂ ਦਾ ਉਸ ਨਾਲ ਭੈਣ ਵਾਲਾ ਪਿਆਰ ਬਣਿਆ । ਉਹ ਨਾ ਹੁੰਦੀ ਤਾਂ 11 ਮਾਰਚ ਸੰਨ 1783 ਵਾਲੇ ਦਿਨ ਰੋਹ ਵਿੱਚ ਆਏ ਸਿੱਖ, ਦਿੱਲੀ ਨੂੰ ਅਜਿਹਾ ਥੇਹ ਬਣਾ ਸਕਦੇ ਸਨ ਕਿ ਦੁਨੀਆਂ ਮਹਿੰਜੋਦੜੋ ਹੜੱਪਾ ਦੇ ਖੰਡਰਾਂ ਨੂੰ ਭੁੱਲ ਜਾਂਦੀ । ਪਰ ਬੇਗ਼ਮ ਦੇ ਬੇਨਤੀ ਕਰਨ ਸਾਰ ਹੀ ਦਲ ਖ਼ਾਲਸਾ ਦੇ ਸੰਤ- ਸਿਪਾਹੀਆਂ ਦੀਆਂ ਕ੍ਰਿਪਾਨਾਂ, ਮਿਆਨਾਂ ਅੰਦਰ ਚਲੀਆਂ ਗਈਆਂ ਅਤੇ ਗੁਰੂ ਦੇ ਸਿੱਖਾਂ ਨੇ ਦੁਨੀਆਂ ਅੰਦਰ ਔਰਤ ਦੇ ਸਨਮਾਨ ਦੀ ਬੇਮਿਸਾਲ ਉਦਾਹਰਣ ਕਾਇਮ ਕੀਤੀ । ਇਸ ਤਰ੍ਹਾਂ ਦਿੱਲੀ ਨੂੰ ਸਿੱਖਾਂ ਹੱਥੋਂ ਬਚਾਉਣ ਬਦਲੇ, ਉਸ ਨੂੰ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜੇ ਵੱਲੋਂ ‘ਫ਼ਰਜ਼ੰਦ-ਏ-ਅਜ਼ੀਜ਼ੀ’ (ਸਭ ਤੋਂ ਪਿਆਰੀ ਬੇਟੀ) ਦਾ ਖ਼ਿਤਾਬ ਮਿਲਿਆ । 31 ਅਕਤੂਬਰ 1831 ਨੂੰ ਰੋਪੜ ਦੀ ਸੰਧੀ ਵੇਲੇ ਉਹ ਇੱਕ ਮੁੱਠੀ ਛੋਲਿਆਂ ਨਾਲ ਦਿਨ ਗ਼ੁਜ਼ਾਰਨ ਵਾਲੇ ਸਿੱਖਾਂ ਦਾ ਰਾਜ ਭਾਗ ਦੇਖਣ ਲਈ ਅਠੱਤਰ ਸਾਲ ਦੀ ਬਿਰਧ ਅਵਸਥਾ ਹੋਣ ਦੇ ਬਾਵਜੂਦ ਮੇਰਠ ਤੋਂ ਚੱਲ ਕੇ ਵਿਲੀਅਮ ਬੈਂਟਿੰਕ ਦੇ ਨਾਲ ਰੋਪੜ ਪਹੁੰਚੀ । ਸੱਚ ਮੁੱਚ ‘ਸਮਰੂ ਕੀ ਬੇਗ਼ਮ’ ਦਾ ਜੀਵਨ ਇੱਕ ਅਚੰਭਾ ਹੈ, ਪਰੀ ਕਹਾਣੀ ਹੈ ।