ਲੋਰਕਾ ਦੇ ਇਸ ਨਾਟਕ ਦਾ ਸ਼ੁਮਾਰ ਦੁਨੀਆਂ ਦੇ ਸਰਬ ਸ੍ਰੇਸ਼ਟ ਨਾਟਕਾਂ ਵਿਚ ਹੁੰਦਾ ਹੈ । ਲੋਰਕਾ ਦੇ ਬਿੰਬ, ਉਸ ਦੀ ਰਾਗਮਈਤਾ ਉਸ ਦੀ ਸ਼ਿੱਦਤ ਤੇ ਉਸਦੇ ਬਿਆਨ ਦਾ ਹੁਸਨ ਬੇਮਿਸਾਲ ਹੈ । ਇਸ ਦਾ ਇਹ ਪੰਜਾਬੀ ਰੂਪਾਂਤਰ ਪੰਜਾਬੀ ਜਗਤ ਨੂੰ ਅਰਪਿਤ ਕਰਦਿਆਂ ਸੁਰਜੀਤ ਪਾਤਰ ਨੇ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੁੰਦਾ ਹੈ । ਪਹਿਲੀ ਗੱਲ ਇਹ ਹੈ ਕਿ ਇਹ ਅਨੁਵਾਦ ਹਰਗਿਜ਼ ਨਹੀਂ, ਇਹ ਰੂਪਾਂਤਰ ਹੈ । ਕਈ ਥਾਂਈਂ ਇਹ ਰੂਪਾਂਤਰ ਤੋਂ ਵੀ ਵੱਧ ਪੁਨਰ-ਰਚਨਾ ਦੇ ਨੇੜੇ ਪਹੁੰਚ ਜਾਂਦਾ ਹੈ । ਇਸ ਮੂਲ ਅਤੇ ਉਸਦੇ ਰੂਪਾਂਤਰ ਵਿਚ ਬਿੰਬਾਂ ਤੇ ਸ਼ਬਦਾਂ ਦੀ ਕੋਈ ਸਾਂਝ ਨਹੀਂ । ਸਾਂਝ ਕਿਸੇ ਹੋਰ ਗਹਿਰੇ ਧਰਾਤਲ ਤੇ ਹੈ ।