ਧਰਮ ਅਤੇ ਰਾਜਨੀਤੀ ਸਤਹ ਉਪਰ ਭਾਵੇਂ ਇਕ ਦੂਜੇ ਤੋਂ ਨਿਖੜੇ ਪ੍ਰਤੀਤ ਹੁੰਦੇ ਹਨ, ਪਰ ਧੁਰ ਡੂੰਘ ਵਿਚ ਉਹ ਇਕ ਦੂਜੇ ਵਿਚ ਰਚੇ ਮਿਚੇ ਹਨ । ਇਹ ਤੱਥ ਡਾ: ਜਸਪਾਲ ਸਿੰਘ ਦੀ ਹਥਲੀ ਕਿਰਤ ਵਿਚ ਪੂਰਨ ਪਰਮਾਣੀਕਤਾ ਨਾਲ ਉਜਾਗਰ ਹੁੰਦਾ ਹੈ । ਸਿੱਖ ਧਰਮ ਗ੍ਰੰਥਾਂ ਅਤੇ ਇਤਿਹਾਸਕ ਲਿਖਤਾਂ ਦਾ ਡੂੰਘਾ ਅਧਿਐਨ ਕਰਦਿਆਂ, ਉਹਨਾਂ ਨੇ ਰਾਜ ਦੇ ਸਿੱਖ ਸੰਕਲਪ ਦਾ ਮੁਹਾਂਦਰਾ ਸਪਸ਼ਟਤਾ ਨਾਲ ਉਲੀਕਿਆ ਹੈ । ਗੁਰੂ ਪਰੰਪਰਾ ਦੀ ਬੀਜ ਦ੍ਰਿਸ਼ਟੀ ਦੀ ਵਰੋਸਾਈ ਸਿੱਖ ਪਰੰਪਰਾ ਦੇ ਅੰਤਹਕਰਣ ਵਿਚ ਸਮਾਏ ਇਸੇ ਰਾਜ ਦੇ ਸਿੱਖ ਸੰਕਲਪ ਨੂੰ ਡਾ: ਜਸਪਾਲ ਸਿੰਘ ਨੇ ਆਧੁਨਿਕ ਅੰਦਾਜ਼ ਵਿਚ ਪਛਾਣਿਆਂ ਅਤੇ ਪ੍ਰਗਟਾਇਆ ਹੈ । ਆਪਣੇ ਪੁਰਾਣੇ ਵਿਰਸੇ ਦਾ ਪ੍ਰੇਰਿਆ ਇਹ ਅਧਿਐਨ ਨਵੀਨ ਹਸਤਾਖਰ ਅੰਕਿਤ ਕਰਦਾ ਹੈ ।