ਲੇਖਕ ਡਾ: ਜਸਪਾਲ ਸਿੰਘ ਦੀ ਇਹ ਪੁਸਤਕ ‘ਸਿੱਖ ਧਰਮ ਤੇ ਰਾਜਨੀਤੀ’ ਕੁਝ ਬੁਨਿਆਦੀ ਮੁੱਦਿਆਂ ਨਾਲ ਜੁੜੀ, ਖੋਜ-ਪੂਰਣ ਵਿਸ਼ਲੇਸ਼ਣਾਤਮਕ ਲਿਖਤ ਹੈ । ਸਿਖ ਪੰਥ ਦੀ ਵਿਲੱਖਣ ਹੋਂਦ ਉਪਰ ਮੰਡਰਾਉਂਦੇ ਖਤਰਿਆ ਨੂੰ ਪੁਸਤਕ ਵਿਚ ਸੰਗ੍ਰਹਿਤ ਲੇਖਾਂ ਰਾਹੀਂ ਡਾ: ਜਸਪਾਲ ਸਿੰਘ ਨੇ ਬੜੇ ਸਾਰਥਕ ਢੰਗ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ । ਮੌਜੂਦਾ ਸਮੇਂ ਦੇ ਸਿੱਖਾਂ ਨੂੰ ਦਰਪੇਸ਼ ਸੰਤਾਪ ਅਤੇ ਦੇਸ਼ ਦੀ ਵਡੀ ਰਾਜਨੀਤੀ ਦੇ ਸੰਦਰਭ ਵਿਚ ਉਸ ਸੰਤਾਪ ਦੇ ਕਾਰਨਾਂ ਨੂੰ ਸਮਝਣ ਦਾ ਜਤਨ ਕੀਤਾ ਗਿਆ ਹੈ ।