ਡਾ: ਜਸਪਾਲ ਸਿੰਘ ਦਾ ਜੱਦੀ-ਪੁਸ਼ਤੀ ਸਬੰਧ ਕਸ਼ਮੀਰ (ਪਾਕਿਸਤਾਨ) ਨਾਲ ਹੈ । 1947 ਦੀ ਦੇਸ਼ ਵੰਡ ਸਮੇਂ ਉਹਨਾਂ ਦੇ ਪਰਿਵਾਰ ਨੂੰ ਆਪਣੇ ਵਡ-ਵਡੇਰਿਆਂ ਦੀ ਧਰਤੀ ਨਾਲੋਂ ਟੁਟ ਕੇ ਕਾਂਗੜੇ ਦੇ ਇਕ ਸ਼ਰਨਾਰਥੀ ਕੈਂਪ ਵਿਚ ਸ਼ਰਣ ਲੈਣੀ ਪਈ । ਇਸੇ ਕੈਂਪ ਵਿਚ 21 ਨਵੰਬਰ 1952 ਨੂੰ ਜਸਪਾਲ ਸਿੰਘ ਦਾ ਜਨਮ ਹੋਇਆ । ਦੀਖਿਆ ਉਹਨਾਂ ਨੇ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ ਅਤੇ ਸਿਖਿਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ । 1975 ਵਿਚ ਉਹਨਾਂ ਨੇ ਰਾਜਨੀਤੀ-ਵਿਗਿਆਨ ਦੀ ਐਮ.ਏ. ਅੱਵਲ ਦਰਜੇ ਵਿਚ ਕੀਤੀ । ਇਸੇ ਯੂਨੀਵਰਸਿਟੀ ਤੋਂ ‘ਡਿਪਲੋਮਾ ਇਨ ਫਾਰਮ ਅਫੇਅਰਜ਼’ ਅੱਵਲ ਰਹਿ ਕੇ ਪ੍ਰਾਪਤ ਕੀਤਾ । ਫੇਰ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਖਾਲਸਾ ਕਾਲਜ (ਦੇਵ ਨਗਰ) ਵਿਚ ਪ੍ਰਾਧਿਆਪਕ ਨਿਯੁਕਤ ਹੋਏ । ਸਿੱਖ ਸਾਹਿਤ ਪਰੰਪਰਾ ਦੇ ਨਿਰੰਤਰ ਅਧਿਐਨ ਦੇ ਫਲਸਰੂਪ ਉਹਨਾਂ ਨੇ ਪੰਜਾਬ ਯੂਨਿਵਰਸਿਟੀ ਤੋਂ ਪੀ.ਐਚ.ਡੀ. ਦੀ ਉਪਾਧੀ ਪ੍ਰਾਪਤ ਕੀਤੀ । ਡਾ. ਜਸਪਾਲ ਸਿੰਘ ਸਿਰਕੱਢ ਵਿਦਵਾਨ ਹੀ ਨਹੀਂ, ਸਗੋਂ ਦ੍ਰਿੜ੍ਹ ਇਰਾਦੇ ਨਾਲ ਸਮਕਾਲੀ ਰਾਜਨੀਤੀ ਵਿਚ ਰੁੱਝੇ ਹੋਏ ਸਿਆਸਤਦਾਨ ਵੀ ਹਨ । ਉਹਨਾਂ ਦਾ ਰਾਜਨੀਤਿਕ ਜੀਵਨ ਅਨੇਕ ਜੇਲ੍ਹ-ਯਾਤਰਾਵਾਂ ਨਾਲ ਭਰਿਆ ਹੋਇਆ ਹੈ । ਐਨ.ਐਸ.ਏ. ਅਧੀਨ ਨਜ਼ਰਬੰਦ ਵੀ ਰਹੇ ਹਨ । ਉਹ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਰਹਿ ਚੁਕੇ ਹਨ ਅਤੇ ਅੱਜ ਕਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਜਨਰਲ ਸਕੱਤਰ ਹਨ । ਪ੍ਰਤਿਭਾਸ਼ਾਲੀ ਅਕਾਦਮਿਕ ਪ੍ਰਾਪਤੀਆਂ ਵਾਲੇ ਡਾ. ਜਸਪਾਲ ਸਿਘ ਰਾਜਨੀਤੀ ਪੜ੍ਹਾਉਂਦੇ ਅਤੇ ਰਾਜਨੀਤੀ ਨਿਭਾਉਂਦੇ ਹਨ । ਰਾਜ ਦੇ ਦੀਨੀ ਅਤੇ ਦੁਨਿਆਵੀ ਦੋਹਾਂ ਪੱਖਾਂ ਦੀ ਉਹਨਾਂ ਨੂੰ ਸਹਿਜ ਪਕੜ ਹੈ ।