“ਸਿਰ ਦੀਜੈ ਕਾਣ ਨਾ ਕੀਜੈ” ਸਰਦਾਰ ਨਰਿੰਦਰਪਾਲ ਸਿੰਘ ਦੀ ਸਭ ਤੋਂ ਵਧ ਪ੍ਰਤਿਭਾਸ਼ਾਲੀ ਕ੍ਰਿਤ ਹੈ । ਇਹ ਭਾਰਤੀ ਗਲਪ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । ਵਿਸ਼ਵ ਸਾਹਿਤ ਵਿਚ ਵੀ ਸ੍ਰੀ ਤਾਲਸਤਾਏ ਦੇ “ਜੰਗ ਤੇ ਅਮਨ” ਤੇ ਹੋਰ ਅਜਿਹੀਆਂ ਦੋ ਚਾਰ ਸਨਾਤਨੀ ਰਚਨਾਵਾਂ ਛਡ ਕੇ ਸ਼ਾਇਦ ਹੀ ਕੋਈ ਕ੍ਰਿਤ “ਸਿਰ ਦੀਜੈ ਕਾਣ ਨਾ ਕੀਜੈ” ਦੇ ਹੰਮਪੱਲਾ ਹੋਵੇ । ੧੭੧੦ ਤੋਂ ਲੈ ਕੇ ੧੮੪੯ ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਜਿਥੇ ਅਤਿ ਤੂਫਾਨੀ ਤੇ ਝਖੜਾਲਾ ਹੈ, ਉੱਥੇ ਰੌਚਕ ਤੇ ਦਰਦ-ਰਿੰਝਾਣਾ ਵੀ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ ਦੀ ਬੁਨਿਆਦ ਰਖੀ ਗਈ, ਇਹ ਵਿਗਸਿਆ ਵੀ, ਇਹਦੀ ਸਲਤਨੱਤ ਵੀ ਉਸਰੀ, ਤੇ ਫਿਰ ਅੰਗ੍ਰੇਜ਼ੀ ਸਾਮਰਾਜ ਨੇ ਤਿੰਨ ਐਂਗਲੋਂ-ਪੰਜਾਬੀ ਯੁਧਾਂ ਸੰਗ ਇਹਦਾ ਖਾਤਮਾ ਵੀ ਕਰ ਦਿਤਾ । ਲੂੰ ਕੰਡੇ ਖੜੇ ਕਰਨ ਵਾਲਾ ਇਹ ਇਤਿਹਾਸ ਇਸ ਕ੍ਰਿਤ ਦਾ ਖੇਤਰ ਹੈ । ਕਿਸੇ ਨਾਵਲਕਾਰ ਨੇ ਅਜੇ ਤਕ ਐਡਾ ਵਿਸ਼ਾਲ ਕੈਨਵਸ ਚਿਤ੍ਰਨ ਦਾ ਜੇਰਾ ਨਹੀਂ ਕੀਤਾ । ਇਹ ਕ੍ਰਿਤ ਇਕ ਕਲਾਧਾਰੀ ਵਿਅਕਤੀ ਦੀ ਅਭਿਰਿਠ ਸਿਰਜਨਾ ਹੈ ।