ਇਸ ਪੁਸਤਕ ਵਿਚ ਸ. ਗੁਰਬਖਸ਼ ਸਿੰਘ ਕੇਸਰੀ (1881-1958) ਲਿਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਾਹਿਬਜ਼ਾਦਿਆਂ ਦੀ ਬੇਮਿਸਾਲ ਕੁਰਬਾਨੀ ਦੇ ਕਾਵਿ-ਬਿਰਤਾਂਤ ਦਾ ਪੁਨਰ ਪ੍ਰਕਾਸ਼ਨ ਕੀਤਾ ਗਿਆ ਹੈ। ਇਤਿਹਾਸ ਦੀਆਂ ਇਹਨਾਂ ਤ੍ਰਾਸਦਿਕ ਘਟਨਾਵਾਂ ਬਾਰੇ ਇਤਿਹਾਸਕਾਰਾਂ ਅਤੇ ਸਾਹਿੱਤਕਾਰਾਂ ਨੇ ਬਹੁਤ ਕੁਝ ਲਿਖਿਆ ਹੈ। ਢਾਡੀਆਂ ਅਤੇ ਕਵੀਸ਼ਰਾਂ ਨੇ ਇਹਨਾਂ ਸ਼ਹੀਦੀਆਂ ਨੂੰ ਬੜੇ ਜੋਸ਼ ਅਤੇ ਦਰਦ ਨਾਲ ਗਾਂਵਿਆ ਹੈ। ਜਾਪਦਾ ਹੈ ਕਿ ਫਿਰ ਵੀ ਇਹਨਾਂ ਅਣਹੋਣੀਆਂ ਦੇ ਦਰਦ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਿਆ। ਗੁਰਬਖਸ਼ ਸਿੰਘ ਕੇਸਰੀ ਦਾ ਪਿੰਡ ਇਸੇ ਇਲਾਕੇ ਵਿਚ ਪੈਂਦਾ ਹੈ। ਅਨੰਦਪੁਰ, ਚਮਕੌਰ, ਮੋਰਿੰਡਾ ਅਤੇ ਸਰਹਿੰਦ ਉੱਥੋਂ ਕੁਝ ਕੋਹਾਂ ਦੀ ਵਿਥ ਉੱਤੇ ਹੈ ਹਨ। ਬੀਤੇ ਵਿਚ ਇਸ ਇਲਾਕੇ ਦੇ ਲੋਕ ਇਹਨਾਂ ਥਾਵਾਂ ਉੱਤੇ ਲੱਗਦੇ ਸ਼ਹੀਦੀ ਜੋੜ-ਮੇਲਾਂ ਉੱਤੇ ਪੈਦਲ ਚੱਲ ਕੇ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਸਨ। ਕੇਸਰੀ ਜੀ ਨੇ ਦਸਵੇਂ ਗੁਰੂ ਜੀ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਸਾਕੇ ਬਾਰੇ ਇਸ ਲਿਖਤ ਦੀ ਰਚਨਾ ਕੀਤੀ। ਉਸ ਦੀ ਇਹ ਰਚਨਾ ਇਹਨਾਂ ਸ਼ਹੀਦੀ ਜੋੜ-ਮੇਲਿਆਂ ਉੱਤੇ ਗਾਈ ਜਾਂਦੀ ਸੀ ਅਤੇ ਵੱਡੀ ਗਿਣਤੀ ਵਿਚ ਵਿਕਦੀ ਵੀ ਸੀ। ਇਸ ਰਚਨਾ ਦੇ ਦੋਵੇਂ ਭਾਗਾਂ ਦੇ ਓਦੋਂ ਕਈ ਕਈ ਐਡੀਸ਼ਨ ਛਪੇ। ਇਸ ਲਿਖਤ ਵਿਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਹੁਤ ਭਾਵਕ ਅੰਦਾਜ਼ ਵਿਚ ਜ਼ੋਰਦਾਰ ਕਾਵਿਕ ਬਿਰਤਾਂਤ ਹੈ, ਜਿਸ ਨੂੰ ਪੜ੍ਹਦਿਆਂ ਹਰ ਪਾਠਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਆਰੰਭ ਵਿਚ ਸੰਪਾਦਕ ਨੇ ਕੇਸਰੀ ਜੀ ਦੀ ਸਾਹਿਤਕ ਘਾਲਣਾ ਦਾ ਲੇਖਾ-ਜੋਖਾ ਦੇ ਕੇ ਇਸ ਪੁਸਤਕ ਨੂੰ ਹਵਾਲਾ ਪੁਸਤਕ ਬਣਾ ਦਿੱਤਾ ਹੈ।