ਪ੍ਰੇਮਚੰਦ ਦੀਆਂ ਕਹਾਣੀਆਂ ਦੀ ਇਹ ਮਹਾਨਤਾ ਹੈ ਕਿ ਉਹ ਬਾਲ-ਹਿਰਦੇ ਨੂੰ ਵੀ ਓਨੀਆਂ ਹੀ ਡੂੰਘਾਈ ਨਾਲ ਟੁੰਬਦੀਆਂ ਹਨ ਜਿਸ ਤਰ੍ਹਾਂ ਵੱਡੀ ਉਮਰ ਦੇ ਸਿਆਣੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਅਤੇ ਸ਼ੈਲੀ ਵਿਚ ਕੁਝ ਵੀ ਅਜਿਹਾ ਨਹੀਂ ਜੋ ਪਾਠਕ ਨੂੰ ਭੰਬਲਭੂਸੇ ਵਿਚ ਪਾਵੇ । ਉਨ੍ਹਾਂ ਦੀਆਂ ਲਿਖਤਾਂ ਵੀ ਉਨ੍ਹਾਂ ਦੇ ਜੀਵਨ ਵਾਂਗ ਸਰਲ, ਸਹਿਜ ਅਤੇ ਸਾਦੀਆਂ ਹਨ । ਸਾਦੀ ਗੱਲ. ਸਾਦੇ ਤਰੀਕੇ ਨਾਲ ਕਹਿਣੀ ਬੜੀ ਹੀ ਦੁਰਲੱਭ ਅਤੇ ਔਖੀ ਘਾਲਣਾ ਹੈ । ਇਹ ਸਾਦਗੀ ਉਨੀ ਦੇਰ ਤੱਕ ਰਚਨਾਵਾਂ ਵਿਚ ਨਹੀਂ ਆ ਸਕਦੀ ਜਿੰਨੀ ਦੇਰ ਤੱਕ ਲੇਖਕ ਇਸ ਸਾਦਗੀ ਨੂੰ ਆਪਣੀ ਜ਼ਿੰਦਗੀ ਦੇ ਰੇਸ਼ੇ-ਰੇਸ਼ੇ ਵਿਚ ਜਿਉਂਦਾ ਅਤੇ ਭੋਗਦਾ ਨਹੀਂ । ਇਹ ਸਾਦਗੀ ਨਾ ਸਿੱਖੀ ਜਾ ਸਕਦੀ ਹੈ ਅਤੇ ਨਾ ਹੀ ਸਿਖਾਈ ਜਾ ਸਕਦੀ ਹੈ ।