ਪੰਜਾਬੀ ਨਿੱਕੀ ਕਹਾਣੀ ਕਰਤਾਰ ਸਿੰਘ ਦੁੱਗਲ ਨਾਲ ਪੁੰਗਰੀ, ਪਰਵਾਨ ਚੜ੍ਹੀ, ਪਰਫੁੱਲਤ ਹੋਈ, ਅੱਜ ਕਈ ਵਿਹੜਿਆਂ ਵਿਚ ਇਹਦੀ ਮਹਿਕ ਪ੍ਰਤੀਤ ਹੁੰਦੀ ਹੈ। ਦੁੱਗਲ ਦੇ ਹਥਲੇ ਸੰਗ੍ਰਹਿ ਵਿਚ ਉਹਦੀ ਪ੍ਰਕਰਮਾ ਦੇ ਸਾਰੇ ਪੜਾਵਾਂ ਨੂੰ ਮਾਣਿਆ ਜਾ ਸਕਦਾ ਹੈ। ਨਿੱਕੀ ਕਹਾਣੀ ਸਾਹਿਤ ਦੀ ਸਭ ਤੋਂ ਵਧੇਰੇ ਲੋਕਤਾਂਤ੍ਰਿਕ ਵਿਧੀ ਮੰਨੀ ਜਾਂਦੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਅਜੋਕੇ ਜੀਵਨ ਦੇ ਵਿਭਿੰਨ ਖੇਤਰਾਂ ਨੂੰ ਦਰਸਾਂਦੀਆਂ, ਲੇਖਕ ਦੀ ਕਹਾਣੀ ਕਲਾ ਦੀ ਯਾਤਰਾ ਦੀ ਇਕ ਦਿਲਫਰੇਬ ਦਾਸਤਾਨ ਹੋ ਨਿਬੜੀਆਂ ਵਿਖਾਈ ਦੇਣਗੀਆਂ। ਦੁੱਗਲ ਪਾਠਕ ਲਈ ਹਮੇਸ਼ਾ ਇਕ ਚਿਨੌਤੀ ਬਣਿਆ ਰਿਹਾ ਹੈ। ਇਹਨਾਂ ਕਹਾਣੀਆਂ ਦੀ ਵੰਨ-ਸੁਵੰਨੀ ਬਣਤਰ ਵਲ ਧਿਆਨ ਦੇਣਾ ਹੋਵੇਗਾ। ਇਹਨਾਂ ਕਹਾਣੀਆਂ ਵਿਚ ਕਹੀ ਗੱਲ ਦੀ ਸੂਖਮਤਾ ਨੂੰ ਫੜਨਾ ਹੋਵੇਗਾ। ਨਿਆਜ਼ਬੋ ਵਰਗੀ ਇਹਨਾਂ ਕਹਾਣੀਆਂ ਦੀ ਵਾਸ਼ਨਾ ਪਾਠਕ ਨੂੰ ਮਖਮੂਰ ਕਰੇਗੀ। ਕਵਿਤਾ ਵਾਂਗ ਸੱਠੀਆਂ ਇਹਨਾਂ ਕਹਾਣੀਆਂ ਦਾ ਸਰੋਦੀ ਅਨੁਭਵ ਪਾਠਕ ਨੂੰ ਸਰਸ਼ਾਰ ਕਰੇਗਾ। ਵੇਖਣਾ ਹੋਵੇਗਾ ਦੁੱਗਲ ਕਹਾਣੀ ਨੂੰ ਕਿਥੋਂ ਫੜਦਾ ਹੈ ਤੇ ਤਰੋਪੇ ਲਾਂਦਾ ਕਿਥੇ ਗੰਢ ਮਾਰਦਾ ਹੈ। ਸਾਡਾ ਇਹ ਦਾਅਵਾ ਹੈ ਕ ਇਹ ਸੰਗ੍ਰਹਿ ਦੁੱਗਲ ਦੀ ਕਹਾਣੀ ਕਲਾ ਦੀ ਕਹਾਣੀ ਹੈ।