ਮਾਲਵੇ ਦੇਸ਼ ਨਾਲ ਸੰਬੰਧਿਤ ਇਨ੍ਹਾਂ ਸਾਖੀਆਂ ’ਚ ਗੁਰ ਇਤਿਹਾਸ ਦੀ ਭਰਵੀਂ ਜਾਣਕਾਰੀ ਮੌਜੂਦ ਹੈ । ਇਤਿਹਾਸ ਦੇ ਇਹ ਪੁਰਾਤਨ ਗ੍ਰੰਥ ਸੰਪਾਦਨਾ ਤੇ ਪ੍ਰਕਾਸ਼ਨਾ ਦਾ ਹਿੱਸਾ ਬਣ ਕੇ ਇਤਿਹਾਸ ਖੋਜੀਆਂ ਤੇ ਪਾਠਕਾਂ ਲਈ ਇਕ ਚਿਰੰਜੀਵੀ ਸਰਮਾਇਆ ਸਾਬਤ ਹੋ ਰਹੇ ਹਨ । ਇਨ੍ਹਾਂ ਦੇ ਪਠਨ-ਪਾਠਨ ’ਚੋਂ ਇਤਿਹਾਸ ਦੀ ਪੁਣ-ਛਾਣ ਵੀ ਹੋਣੀ ਹੈ ਤੇ ਸੰਭਾਲ ਵੀ । ਇਸ ਪੁਸਤਕ ਦੀ ਪਹਿਲੀ ਪ੍ਰਕਾਸ਼ਨਾ ਨਵੰਬਰ 1950 ’ਚ ਹੋਈ ਸੀ ਤੇ ਹੁਣ ਪਾਠਕਾਂ ਦੀ ਮੰਗ ਤੇ ਇਸ ਦੀ ਤੀਜੀ ਐਡੀਸ਼ਨ ਛਪ ਰਹੀ ਹੈ । ਪੁਰਾਤਨ ਗ੍ਰੰਥ ਜਿਥੇ ਇਤਿਹਾਸ ਦਾ ਸ੍ਰੋਤ ਹਨ ਉਥੇ ਗੁਰਬਾਣੀ ਦੇ ਸਮਝ-ਬੋਧ ਨੂੰ ਉਜਾਗਰ ਕਰਨ ’ਚ ਵੀ ਸਹਾਈ ਹਨ ।