ਮਨੁੱਖੀ ਸਮਾਜ ਵਿੱਚ ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਹਾਸ਼ੀਏ ’ਤੇ ਬੈਠੇ ਹਨ । ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਹਾਸ਼ੀਏ ਤੋਂ ਵੀ ਪਾਰ ਬੈਠੇ ਹਨ । ਐਸੇ ਲੋਕਾਂ ਵਿੱਚੋਂ ਇੱਕ ਵਰਗ ਹਿਜੜਿਆਂ ਜਾਂ ਕਿੰਨਰਾਂ ਦਾ ਹੈ । ਇਹ ਉਹ ਲੋਕ ਹਨ ਜਿਨ੍ਹਾਂ ਦੀ ਮਨੁੱਖੀ ਸਮਾਜ ਦੀ ਮੁੱਖ-ਧਾਰਾ ਵਿੱਚ ਕੋਈ ਥਾਂ ਨਹੀਂ । ਇਹ ਨਿਥਾਵੇਂ ਹਨ । ਸਮਾਜ ਵਿੱਚ ਇਨ੍ਹਾਂ ਦੇ ਘਰ, ਪਰਿਵਾਰ, ਖਾਨਦਾਨ, ਸ਼ਾਂਝ, ਰਿਸ਼ਤੇਦਾਰੀ, ਔਲਾਦ, ਹੋਂਦ ਤੇ ਪਛਾਣ ਸਭ ਕੁਝ ਮਨਫੀ ਹੈ । ਇਹ ਸਮਾਜਿਕ ਤੌਰ ’ਤੇ ਵਿਛੁੰਨੇ ਹੋਏ ਲੋਕ ਹਨ । ਪਰ ਫਿਰ ਵੀ ਇਹ ਮਨੁੱਖ ਹਨ । ਇਨ੍ਹਾਂ ਦੀਆਂ ਵੀ ਭੁੱਖਾਂ, ਤੇਹਾਂ, ਲੋੜਾਂ, ਥੁੜਾਂ, ਭਾਵਨਾਵਾਂ, ਚਾਹਤਾਂ, ਸੁਪਨੇ ਅਤੇ ਸੱਧਰਾਂ ਹਨ । ਇਨ੍ਹਾਂ ਦੀ ਸਭ ਤੋਂ ਵੱਡੀ ਸੱਧਰ ਆਪਣੀ ਹੋਂਦ ਤੇ ਪਛਾਣ ਲਈ ਤਾਂਘ ਔਰ ਤੜਪ ਹੈ । ਪਰ ਸਮਾਜ ਦੀ ਮੁੱਖ-ਧਾਰਾ ਇਨ੍ਹਾਂ ਵੱਲ ਪਿੱਠ ਕਰਕੇ ਖਲੋਤੀ ਹੈ । ਇਹ ਕਹਾਣੀਆਂ ਹਿਜੜਾ ਬਿਰਾਦਰੀ ਦੀ ਅੰਤਰੀਵ ਤੇ ਬਾਹਰੀ ਜ਼ਿੰਦਗੀ ਨਾਲ ਜੁੜੇ ਤਮਾਮ ਤੱਤੇ-ਠੰਡੇ ਅਹਿਸਾਸਾਂ ਔਰ ਵਿਸੰਗਤੀਆਂ ਨੂੰ ਆਪਣੀ ਕਥਾ-ਵਸਤੂ ਬਣਾਉਂਦੀਆਂ ਹਨ । ਇਨ੍ਹਾਂ ਕਥਾਵਾਂ ਦਾ ਪਾਠ ਪਾਠਕ ਦੀ ਸੁਰਤਿ ਅੰਦਰ ਕਿੰਨਰ ਸਮਾਜ ਪ੍ਰਤੀ ਚਿੰਤਨ ਨੂੰ ਇੱਕ ਨਵੇਂ ਸਿਰੇ ਤੋਂ ਵਿਉਂਤਦਾ ਹੈ । ਪਾਠਕ-ਮਨ ਅੰਦਰ ਹਾਸ਼ੀਏ ਤੋਂ ਵੀ ਪਾਰ ਵਿਚਰਦੀ ਹਿਜੜਾ ਬਿਰਾਦਰੀ ਪ੍ਰਤੀ ਦ੍ਰਿਸ਼ਟੀ ਔਰ ਸੋਚ-ਵਿਚਾਰ ਨੂੰ ਇੱਕ ਨਵੀਂ ਵਿਉਂਤਬੰਦੀ ਪ੍ਰਦਾਨ ਕਰਨਾ ਇਸ ਸੰਪਾਦਿਤ ਪੁਸਤਕ ਦਾ ਪ੍ਰਮੁੱਖ ਉਦੇਸ਼ ਹੈ ।