ਗੁਰੂ ਨਾਨਕ ਸਾਹਿਬ ਬਾਰੇ ਅਥਵਾ ਸਿੱਖ ਇਤਿਹਾਸ ਲਿਖਣ ਲੱਗਿਆਂ ਅਸੀਂ ਸਾਧਾਰਨ ਰੂਪ ਵਿਚ ਅਕਸਰ ਇਹੀ ਲਿਖਦੇ ਆ ਰਹੇ ਹਾਂ ਕਿ ਭਾਰਤੀ ਸਮਾਜ ਦੋ ਮੁੱਖ ਧਰਮਾਂ ਵਿਚ ਵੰਡਿਆ ਹੋਇਆ ਸੀ । ਇਹ ਸਨ ਹਿੰਦੂ ਅਤੇ ਮੁਸਲਿਮ ਸਮਾਜ । ਪਰ ਜੇਕਰ ਗੁਰੂ ਨਾਨਕ ਸਾਹਿਬ ਦੇ ਆਗਮਨ ਨੂੰ ਜਾਂ ਉਨ੍ਹਾਂ ਦੇ ਇਤਿਹਾਸ ਨੂੰ ਸਚਮੁੱਚ ਹੀ ਇਕ ਗੰਭੀਰ ਅਧਿਐਨ ਦਾ ਵਿਸ਼ਾ ਬਣਾਉਣਾ ਹੈ ਤਾਂ ਇਨ੍ਹਾਂ ਤੋਂ ਪਰ੍ਹੇ ਵੀ ਹੋਰ ਬਹੁਤ ਕੁਝ ਸੀ ਅਤੇ ਇਹ ਸਿਰਫ ਭਾਰਤੀ ਸਮਾਜ ਦੇ ਦੋ ਫਿਰਕਿਆਂ ਤੱਕ ਹੀ ਸੀਮਤ ਨਹੀਂ ਸੀ । ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਲਹਿਰ ਜਾਂ ਇਨਕਲਾਬੀ ਵਿਚਾਰਧਾਰਾ ਨੂੰ ਸਮੁੱਚੇ ਏਸ਼ੀਆ ਦੇ ਹਾਲਾਤ ਦੇ ਸੰਦਰਭ ਵਿਚ ਰੱਖ ਕੇ ਦੇਖਣਾ ਚਾਹੀਂਦਾ ਹੈ । ਗੁਰੂ ਨਾਨਕ ਸਾਹਿਬ ਦਾ ਮਿਸ਼ਨ ਬਹੁੱਤ ਵੱਡਾ ਸੀ । ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੇ ਸਿੱਖਾਂ (ਖਾਲਸਾ ਪੰਥ) ਨੂੰ ਇਸ ਹੱਦ ਤੱਕ ਤਾਕਤਵਰ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਇਕ ਬਹੁਤ ਹੀ ਛੋਟੀ ਜਿਹੀ ਘੱਟ-ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਹਿੰਦੁਸਤਾਨ ਦੀ ਪਵਿੱਤਰ ਭੂਮੀ ਵਿਚੋਂ ਇਸਲਾਮੀ ਹਮਲਾਵਰਾਂ ਨੂੰ ਕੁੱਟ-ਕੁੱਟ ਕੇ ਵਾਪਸ ਭਜਾ ਦਿੱਤਾ ਸੀ । ਇਹ ਪੁਸਤਕ ਗੁਰੂ ਸਾਹਿਬ ਦੀ ਵੱਡਿਆਈ ਅਤੇ ਉਨ੍ਹਾਂ ਦੇ ਜੀਵਨ-ਇਤਿਹਾਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ ।