ਕਿਤਾਬ ਦੀ ਦੋ ਹਿੱਸਿਆਂ ਵਿੱਚ ਵੰਡ ਕੀਤੀ ਗਈ ਹੈ। ਪਹਿਲੇ ਹਿੱਸੇ ਵਿੱਚ ਮਿੱਟਾ ਨੇ ਕਤਲੇ-ਆਮ ਦੀ ਪਤਰਕਾਰੀ ਪੁਨਰ-ਰਚਨਾ ਕੀਤੀ ਹੈ ਜਿਸ ਵਿੱਚ ਫੂਲਕਾ ਦਾ ਵੀ ਯੋਗਦਾਨ ਹੈ। ਦੂਜੇ ਹਿੱਸੇ ਵਿੱਚ ਫੂਲਕਾ ਵੱਲੋਂ ਨਿਆਂ ਲਈ ਕੀਤੇ ਸੰਘਰਸ਼ ਦਾ ਲੇਖਾ-ਪੱਤਾ ਆਪਣੀ ਜ਼ਬਾਨੀ ਮਿੱਟਾ ਨੂੰ ਦੱਸਿਆ ਗਿਆ ਹੈ। ਪੁਸਤਕ ਵਿੱਚ ਵੱਖ ਵੱਖ ਸਰੋਤਾਂ ਤੋਂ ਮਿਲੀਆਂ ਉਸ ਮੌਕੇ ਦੀਆਂ ਫੋਟੋਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜੋ ਇਸ ਕਿਤਾਬ ਨੂੰ ਹੋਰ ਵੀ ਪ੍ਰਭਾਵਿਤ ਬਣਾਉਂਦੀਆਂ ਹਨ । ਇਹ ਕਿਤਾਬ ਨਾਨਾਵਤੀ ਕਮਿਸ਼ਨ ਦੀ ਕਾਰਵਾਈ ਦੌਰਾਨ ਸਾਹਮਣੇ ਆਏ ਸਬੂਤਾਂ ਦੇ ਅਧਾਰ ’ਤੇ ਸਚਾਈ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੀ ਹੈ। ਲੇਖਕ ਮਨੋਜ ਮਿੱਟਾ ਤੇ ਐੱਚ. ਐੱਸ. ਫੂਲਕਾ ਸ਼ਾਇਦ ਇਸ ਵਿਸ਼ੇ ’ਤੇ ਸਭ ਤੋਂ ਜ਼ਿਆਦਾ ਗਿਆਨਵਾਨ ਆਵਾਜ਼ਾਂ ਹਨ ਜੋ 1984 ਦੇ ਕਤਲੇ-ਆਮ ਅਤੇ ਇਸ ਦੇ ਨਤੀਜਿਆਂ ਦੇ ਅੰਦਰੂਨੀ ਸੱਚ ਤੇ ਤੱਥਾਂ ਦਾ ਬਿਨਾ ਵੱਲ ਫੇਰ ਦੇ ਯਥਾਰਥ ਬਿਰਤਾਂਤ ਪੇਸ਼ ਕਰਦੇ ਹਨ।